ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 20 ਨਵੰਬਰ
ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਪਹਿਲਾ ਪੜਾਅ ਬਣਨ ਵਾਲੇ ਡੱਬਵਾਲੀ ਹਲਕੇ ਦੇ ਕਿਸਾਨ ਮੈਦਾਨ ਵਿੱਚ ਡਟ ਗਏ ਹਨ। ਇੱਥੋਂ ਦੇ ਕਿਸਾਨਾਂ ਨੇ ਜਿੱਥੇ ਲਾਮਬੰਦੀ ਲਈ ਦਿੱਲੀ ਵੱਲ ਚਾਲੇ ਪਾ ਦਿੱਤੇ ਹਨ, ਉਥੇ ਹੀ ਉਨ੍ਹਾਂ ਰਾਹ ਵਿੱਚ ਲੰਗਰ ਦਾ ਪ੍ਰਬੰਧ ਕਰਨ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਕਿਸਾਨ ਆਗੂ ਜਸਬੀਰ ਸਿੰਘ ਭਾਟੀ ਦੀ ਅਗਵਾਈ ਹੇਠ ਇੱਕ ਜਥਾ ਅੱਜ ਦਿੱਲੀ ਵੱਲ ਤੁਰ ਪਿਆ ਹੈ। ਇਹ ਜਥਾ ਦਿੱਲੀ ਕੌਮੀ ਮਾਰਗ ਦੇ ਰਾਹਾਂ ’ਚ ਪੈਂਦੇ ਅੱਠ-ਦਸ ਪਿੰਡਾਂ ’ਚ ਲੋਕਾਂ ਨੂੰ ਕੌਮੀ ਮੋਰਚੇ ਲਈ ਲਾਮਬੰਦ ਕਰਦਾ ਅਗਾਂਹ ਵਧੇਗਾ। ਜਦੋਂਕਿ ਹਰਿਆਣਾ ਕਿਸਾਨ ਏਕਤਾ ਯੂਨੀਅਨ ਡੱਬਵਾਲੀ ਦੇ ਬੈਨਰ ਹੇਠ ਦੂਸਰੀ ਟੀਮ ਡੱਬਵਾਲੀ ’ਚੋਂ ਲੰਘਣ ਵਾਲੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਕਰੀਬ ਇੱਕ ਲੱਖ ਕਾਰਕੁਨਾਂ ਲਈ ਲੰਗਰ ਦਾ ਪ੍ਰਬੰਧ ਕਰਨ ’ਚ ਜੁਟੀ ਹੋਈ ਹੈ। ਇਸ ਸਬੰਧੀ ਖੂਈਆਂ ਮਲਕਾਣਾ ਟੌਲ ਪਲਾਜ਼ਾ ’ਤੇ ਚੱਲ ਰਹੇ ਧਰਨੇ ’ਚ ਇਲਾਕੇ ਦੇ ਕਿਸਾਨ ਆਗੂਆਂ ਦੀ ਮੀਟਿੰਗ ਹੋਈ, ਜਿੱਥੇ ਉਨ੍ਹਾਂ 23 ਨਵੰਬਰ ਤੋਂ ਟੌਲ ਪਲਾਜ਼ਾ ਧਰਨੇ ’ਤੇ ਲੰਗਰ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਹਰਿਆਣਾ ਕਿਸਾਨ ਏਕਤਾ ਯੂਨੀਅਨ ਡੱਬਵਾਲੀ ਦੇ ਆਗੂ ਐੱਸ.ਪੀ. ਸਿੰਘ ਮਸੀਤਾਂ ਨੇ ਦੱਸਿਆ ਕਿ ਖੇਤੀ ਬਿੱਲਾਂ ਦੇ ਮਸਲੇ ’ਤੇ ਕਿਸਾਨ ਭਾਈਚਾਰਾ ਆਪਣਾ ਸਭ ਕੁਝ ਦਾਅ ’ਤੇ ਲਗਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਆਉਣ ਵਾਲੇ ਇੱਕ ਲੱਖ ਕਿਸਾਨਾਂ ਦੇ ਸਵਾਗਤ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਨੂੰ ਇੱਥੇ ਰੋਕਿਆ ਤਾਂ ਇੱਥੇ ਧਰਨੇ ਲਈ ਲੰਗਰ, ਟੈਂਟ ਅਤੇ ਹੋਰਨਾਂ ਲੋੜੀਂਦੇ ਸਾਜ਼ੋ-ਸਾਮਾਨ ਦੀ ਪੂਰੀ ਤਿਆਰੀ ਹੈ। ਇਸ ਮੌਕੇ ਗੁਰਪ੍ਰੇਮ ਸਿੰਘ ਦੇਸੂ ਜੋਧਾ, ਮਲਕੀਤ ਸਿੰਘ ਪੰਨੀਵਾਲਾ ਮੌਰੀਕਾ ਨੇ ਸੰਬੋਧਨ ਕੀਤਾ।