ਪ੍ਰਭੂ ਦਿਆਲ
ਚੰਡੀਗੜ੍ਹ, 4 ਅਕਤੂਬਰ
ਕਿਸਾਨਾਂ ਦੇ ਮਸੀਹਾ ਸਮਝੇ ਜਾਂਦੇ ਤਾਊ ਦੇਵੀ ਲਾਲ ਦੇ ਪੜਪੋਤਰੇ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਆਖਿਆ ਹੈ ਕਿ ਨਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਕਾਂਗਰਸ ਪਾਰਟੀ ਖੇਤੀ ਕਾਨੂੰਨਾਂ ਬਾਰੇ ਭੋਲੇਭਾਲੇ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰ ਨੇ ਕਿਸਾਨਾਂ ਦੇ ਹਿੱਤ ’ਚ ਅਨੇਕ ਇਤਿਹਾਸਿਕ ਫੈਸਲੇ ਲਈ ਹਨ ਤੇ ਕਿਸਾਨਾਂ ਦੀ ਆਮਦਨ ਗੁਗਣੀ ਕਰਨ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਕਾਂਗਰਸ ਨੇ ਕਦੇ ਵੀ ਕਿਸਾਨਾਂ ਦੀ ਆਮਦਨ ਵੱਧਾਉਣ ਦੀ ਦਿਸ਼ਾ ’ਚ ਕੋਈ ਕਦਮ ਨਹੀਂ ਚੁੱਕਿਆ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾ ਸਿਰਫ ਕਿਸਾਨਾਂ ਦੇ ਹਿੱਤ ਵਿੱਚ ਕ੍ਰਾਂਤੀਕਾਰੀ ਫੈਸਲਾ ਲਿਆ ਬਲਕਿ ਹੁਣ ਤੱਕ ਰਿਕਾਰਡ ਮੁਆਵਜ਼ਾ ਰਾਸ਼ੀ ਵੀ ਕਿਸਾਨਾਂ ਨੂੰ ਦਿੱਤੀ ਗਈ ਹੈ। ਉਹ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਪ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਖੇਤੀ ਸ਼ਬਦ ਦੇ ਪਹਿਲੇ ਅੱਖ਼ਰ ਦਾ ਵੀ ਗਿਆਨ ਨਹੀਂ ਹੈ। ਪੰਜਾਬ ਤੇ ਹਰਿਆਣਾ ਦਾ ਦੌਰਾ ਕਰ ਰਹੇ ਰਾਹੁਲ ਗਾਂਧੀ ਨੂੰ ਕੇਂਦਰ ਵੱਲੋਂ ਲਿਆਂਦੇ ਗਏ ਤਿੰਨਾਂ ਖੇਤੀ ਕਾਨੂੰਨਾਂ ਬਾਰੇ ਪੂਰੀ ਜਾਣਕਾਰੀ ਨਹੀਂ ਹੈ। ਕਿਸਾਨਾਂ ਦੀ ਜਿਣਸ ਐੱਮਐੱਸਪੀ ’ਤੇ ਇਕ-ਇਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਲਈ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਪਹਿਲਾਂ ਵੀ ਖੁੱਲ੍ਹੇ ਸਨ ਤੇ ਅੱਗੇ ਵੀ ਖੁੱਲ੍ਹੇ ਰਹਿਣਗੇ।