ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 5 ਦਸੰਬਰ
ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਖੇਤੀ ਮੰਤਰੀ ਜੇਪੀ ਦਲਾਲ ਵਲੋਂ ਕਿਸਾਨ ਅੰਦੋਲਨ ਵਿਚ ਵਿਦੇਸ਼ ਫੰਡਿਗ ਤੇ ਵਿਦੇਸ਼ੀ ਹੱਥ ਹੋਣ ਸਬੰਧੀ ਦਿੱਤੇ ਗਏ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਦਾ ਅੰਨਦਾਤਾ ਦਸੰਬਰ ਮਹੀਨੇ ਦੀ ਕੜਕਦੀ ਠੰਢ ਵਿਚ ਸੜਕਾਂ ’ਤੇ ਬੈਠਾ ਹੈ। ਆਪਣੇ ਆਪ ਨੂੰ ਕਿਸਾਨ ਪੁੱਤਰ ਕਹਿਣ ਵਾਲੇ ਜੇਪੀ ਦਲਾਲ ਇਕ ਰਾਤ ਵੀ ਕਿਸਾਨਾਂ ਨਾਲ ਕੜਕਦੀ ਠੰਢ ਵਿਚ ਧਰਨੇ ’ਤੇ ਨਹੀਂ ਬੈਠ ਸਕਦੇ ਤੇ ਵਿਦੇਸ਼ੀ ਫੰਡਿਗ ਦਾ ਦੋਸ਼ ਲਾ ਕੇ ਦੇਸ਼ ਦੇ ਅੰਨਦਾਤਾ ਦਾ ਅਪਮਾਨ ਕਰ ਰਹੇ ਹਨ। ਅਰੋੜਾ ਨੇ ਮੰਗ ਕੀਤੀ ਹੈ ਕਿ ਦਲਾਲ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਲੋਕ ਕਿਸਾਨ ਦਾ ਨਾਂ ਲੈ ਕੇ ਚੋਣ ਜਿੱਤੇ ਸਨ ਅੱਜ ਉਹ ਆਪਣਾ ਮੂੰਹ ਛਿਪਾ ਕੇ ਵਿਦੇਸ਼ਾਂ ਵਿਚ ਘੁੰਮ ਰਹੇ ਹਨ। ਅਰੋੜਾ ਨੇ ਕਿਹਾ ਕਿ ਅੱਜ ਜੇਕਰ ਚੌਧਰੀ ਦੇਵੀ ਲਾਲ ਜਿਉਂਦੇ ਹੁੰਦੇ ਤਾਂ ਉਹ ਇਸ ਹਾਲਾਤ ਵਿਚ ਸੱਤਾ ਨੂੰ ਠੋਕਰ ਮਾਰ ਕੇ ਕਿਸਾਨਾਂ ਨਾਲ ਧਰਨੇ ’ਤੇ ਬੈਠਦੇ। ਆਪਣੇ ਆਪ ਨੂੰ ਦੇਵੀ ਲਾਲ ਦਾ ਸੇਵਾਦਾਰ ਦਸਣ ਵਾਲੇ ਜਜਪਾ ਨੇਤਾ ਸੱਤਾ ਨਾਲ ਚਿਪਕੇ ਹੋਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦਾ ਚਿਹਰਾ ਨੰਗਾ ਹੋ ਗਿਆ ਹੈ, ਜੋ ਆਪਣੇ ਆਪ ਨੂੰ ਕਿਸਾਨਾਂ ਦਾ ਹਮਦਰਦ ਦੱਸਦੇ ਹਨ। ਦੇਸ਼ ਦਾ ਅੰਨਦਾਤਾ ਧਰਤੀ ਮਾਂ ਨੂੰ ਬਚਾਉਣ ਲਈ ਸੜਕਾਂ ’ਤੇ ਰੁਲ ਰਿਹਾ ਹੈ ਪਰ ਸੱਤਾ ਧਿਰ ਦੇ ਨੇਤਾ ਕਦੇ ਉਨਾਂ ਨੂੰ ਖਾਲਿਸਤਾਨੀ ਤੇ ਕਦੇ ਦੇਸ਼ ਧਰੋਹੀ ਦਸ ਰਹੇ ਹਨ।