ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਫਰਵਰੀ
ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ’ਤੇ ਗਲਤ ਬਿਆਨਬਾਜ਼ੀ ਕਰਨ ’ਤੇ ਸੂਬੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਦਾ ਪੁਤਲਾ ਪਿੰਡ ਚੜੂਨੀ ਵਿਚ ਸਾੜਿਆ ਗਿਆ। ਨੌਜਵਾਨ ਕਿਸਾਨਾਂ ਨੇ ਇਸ ਮੌਕੇ ਖੇਤੀ ਮੰਤਰੀ ਜੇਪੀ ਦਲਾਲ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਨੌਜਵਾਨ ਕਿਸਾਨ ਅਰੂਣ, ਸੌਰਭ, ਪ੍ਰਵੀਣ ਤੇ ਪ੍ਰਦੀਪ ਚੜੂਨੀ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਸੜਕਾਂ ’ਤੇ ਹੈ ਪਰ ਕੇਂਦਰ ਸਰਕਾਰ ਉਨ੍ਹਾਂ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਆਪਣੀਆਂ ਹੀ ਜ਼ਮੀਨਾਂ ’ਤੇ ਬੰਧੂਆ ਮਜ਼ਦੂਰ ਬਣਾਉਣਾ ਚਾਹੁੰਦੀ ਹੈ ਪਰ ਕਿਸਾਨ ਆਪਣੀਆਂ ਜ਼ਮੀਨਾਂ ਪੂੰਜੀਪਤੀਆਂ ਦੇ ਹੱਥਾਂ ਵਿੱਚ ਨਹੀਂ ਜਾਣ ਦੇਣਗੇ। ਚਾਹੇ ਉਨ੍ਹਾਂ ਨੂੰ ਹੋਰ ਵੀ ਕਈ ਕੁਰਬਾਨੀਆਂ ਦੇਣੀਆਂ ਪੈਣ।