ਕੇਕੇ ਬਾਂਸਲ
ਰਤੀਆ, 17 ਜੁਲਾਈ
ਐੱਸਡੀਐੱਮ ਸੁਰਿੰਦਰ ਸਿੰਘ ਬੈਨੀਵਾਲ ਨੇ ਜ਼ਿਲ੍ਹੇ ਦੇ 24ਵੇਂ ਸਥਾਪਨਾ ਦਿਵਸ ਸਬੰਧੀ ਤਹਿਸੀਲ ਵਿੱਚ ਅਰਜੁਨ ਦਾ ਪੌਦਾ ਲਗਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ। ਉਨ੍ਹਾਂ ਕਿਹਾ ਕਿ ਸਥਾਪਨਾ ਦਿਵਸ ਮੌਕੇ ਰਤੀਆ ਦੇ ਹਰ ਪਿੰਡ, ਸ਼ਹਿਰ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਗਈ ਹੈ। ਸਾਰੀਆਂ ਪੰਚਾਇਤਾਂ ਅਤੇ ਨਗਰਪਾਲਿਕਾ ਵਿਭਾਗ ਵੱਲੋਂ ਰਤੀਆ ਵਿੱਚ ਲਗਭਗ 80 ਹਜ਼ਾਰ ਪੌਦੇ ਲਗਾਏ ਜਾਣਗੇ। ਉਨ੍ਹਾਂ ਪੰਚਾਇਤ ਵਿਭਾਗ ਅਤੇ ਨਗਰਪਾਲਿਕਾ ਵਿਭਾਗ ਨੂੰ ਪੌਦਿਆਂ ਦੀ ਦੇਖਭਾਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਤਹਿਸੀਲਦਾਰ ਵਿਜੇ ਸਿਆਲ, ਨਾਇਬ ਤਹਿਸੀਲਦਾਰ ਭਜਨ ਦਾਸ, ਨਗਰਪਾਲਿਕਾ ਸਕੱਤਰ ਸੁਰਿੰਦਰ ਕੁਮਾਰ, ਮਾਰਕੀਟ ਕਮੇਟੀ ਸਕੱਤਰ ਸੁਰਿੰਦਰ ਸਿੰਘ, ਐੱਮਈ ਸੁਮੇਰ, ਕਾਨੂੰਨਗੋ ਗੁਰਮੇਲ ਸਿੰਘ, ਮੱਖਣ ਸਿੰਘ, ਕ੍ਰਿਸ਼ਨ ਲਾਲ, ਬਲਵੰਤ ਸਿੰਘ, ਬਨਵਾਰੀ ਲਾਲ, ਸੁਲਤਾਨ ਸਿੰਘ, ਹਰਬੰਸ ਸਿੰਘ, ਹਰਦੇਵ ਸਿੰਘ, ਜੱਗਾ ਸਿੰਘ, ਕਰਨੈਲ ਸਿੰਘ, ਐਡਵੋਕੇਟ ਗਗਨਦੀਪ ਗਰੋਵਰ, ਨਰਿੰਦਰ, ਨਰਾਇਣ ਸ਼ਰਮਾ, ਸਤੀਸ਼, ਸੰਦੀਪ ਮਿੱਤਲ ਹਾਜ਼ਰ ਸਨ।
ਨਰਾਇਣਗੜ੍ਹ (ਫਰਿੰਦਰ ਗੁਲਿਆਣੀ): ਇੱਥੋਂ ਦੇ ਫੂਡ ਸਪਲਾਈ ਵਿਭਾਗ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿੱਚ ਐੱਸਡੀਐੱਮ ਅਦਿੱਤੀ ਨੇ ਬੂਟੇ ਲਗਾਏ। ਉਨ੍ਹਾਂ ਕਿਹਾ ਕਿ ਨਰਾਇਣਗੜ੍ਹ ਦੇ ਸਾਰੇ ਸਕੂਲਾਂ ਵਿੱਚ ਦਸ-ਦਸ ਪੌਦੇ ਤੇ ਕਾਲਜਾਂ ਵਿੱਚ 50-50 ਪੌਦੇ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਨਰਾਇਣਗੜ੍ਹ ਵਿੱਚ 135 ਸਕੂਲ ਹਨ ਅਤੇ ਸ਼ਹਿਜਾਦਪੁਰ ਬਲਾਕ ਵਿੱਚ 100 ਸਕੂਲ ਹਨ। ਉਨ੍ਹਾਂ ਕਿਹਾ ਕਿ ਜੁਲਾਈ ਮਹੀਨੇ ਪੌਦੇ ਲਗਾ ਕੇ ਵਣ ਮਹਾਉਤਸਵ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਟੀਚਾ ਵਾਤਾਵਰਨ ਨੂੰ ਸ਼ੁੱਧ ਕਰਨਾ ਹੈ। ਫੂਡ ਸਪਲਾਈ ਵਿਭਾਗ ਦੇ ਨਿਰੀਖਕ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਸ਼ਨ ਡਿੱਪੂਆਂ ’ਤੇ ਦੋ-ਦੋ ਪੌਦੇ ਲਗਾਏ ਜਾਣਗੇ।
ਡਰੋਨ ਨਾਲ ਬੀਜਾਂ ਦੀ ਬਰਸਾਤ
ਯਮੁਨਾਨਗਰ (ਦੇਵਿੰਦਰ ਸਿੰਘ): ਹਰਿਆਣਾ ਦੇ ਵਣ ਅਤੇ ਸਿੱਖਿਆ ਮੰਤਰੀ ਕੰਵਰਪਾਲ ਗੁੱਜਰ ਨੇ ਸਢੌਰਾ ਬਲਾਕ ਦੇ ਪਿੰਡ ਟਿੱਬੀਵਾਲਾ ਵਿੱਚ ਡਰੋਨ ਨਾਲ ਬੀਜਾਂ ਦੇ ਛਿੜਕਾਅ ਕਰਨ ਦਾ ਉਦਘਾਟਨ ਕੀਤਾ। ਇਸ ਯੋਜਨਾ ਨਾਲ ਹਰਿਆਣਾ ਦੇ ਪਹਾੜੀ ਇਲਾਕੇ ਅਤੇ ਨਦੀਆਂ ਨਾਲਿਆਂ ਦੇ ਕਿਨਾਰੇ ਜਿੱਥੇ ਪਹੁੰਚਣਾ ਮੁਸ਼ਿਕਲ ਹੁੰਦਾ ਹੈ, ਆਸਾਨੀ ਨਾਲ ਬੀਜ ਸੁੱਟੇ ਜਾ ਸਕਦੇ ਹਨ। ਵਣ ਮੰਤਰੀ ਕੰਵਰਪਾਲ ਨੇ ਕਿਹਾ ਕਿ 550 ਏਕੜ ਜ਼ਮੀਨ ’ਤੇ ਬੀਜ ਸੁੱਟੇ ਗਏ ਹਨ, ਜਿਨ੍ਹਾਂ ਦੇ ਪੈਦਾ ਹੋਣ ਨਾਲ ਹਰਿਆਲੀ ਵਧੇਗੀ। ਉਨ੍ਹਾਂ ਦੱਸਿਆ ਕਿ ਇਹ ਡਰੋਨ ਆਈਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਪੰਚਕੂਲਾ, ਰਾਇਪੁਰ ਰਾਣੀ, ਮਹਿੰਦਰਗੜ੍ਹ ਦੀਆਂ ਅਰਾਵਲੀ ਪਹਾੜੀਆਂ ਅਤੇ ਬੜਕਲ ਲੇਕ ਸਮੇਤ ਹੋਰ ਇਲਾਕਿਆਂ ਵਿੱਚ ਵੀ ਡਰੋਨ ਨਾਲ ਬੀਜਾਂ ਦਾ ਛਿੜਕਾਅ ਕੀਤਾ ਜਾਵੇਗਾ। ਮੰਤਰੀ ਨੇ ਦੱਸਿਆ ਕਿ ਪਿੰਡ ਟਿੱਬੀਵਾਲਾ ਵਿੱਚ 13,500 ਪੌਦੇ ਲਗਾਏ ਜਾ ਰਹੇ ਹਨ। ਵਣ ਵਿਭਾਗ ਦੀ ਪ੍ਰਿੰਸੀਪਲ ਚੀਫ ਕੰਜਰਵੇਟਰ ਅਮਰਿੰਦਰ ਕੌਰ ਨੇ ਵੀ ਸੰਬੋਧਨ ਕੀਤਾ।