ਪੰਚਕੂਲਾ (ਪੱਤਰ ਪ੍ਰੇਰਕ): ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਗੁਰੂਗ੍ਰਾਮ ’ਚ ਯੂਕਰੇਨ ਤੋਂ ਵਾਪਸ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਤੋਂ ਜੋ ਸੁਝਾਅ ਮਿਲੇ ਹਨ, ਉਨ੍ਹਾਂ ਨੂੰ ਉਹ ਪੀਐੱਮ ਨਰਿੰਦਰ ਮੋਦੀ ਤੱਕ ਪਹੁੰਚਾਉਣਗੇ ਤਾਂ ਜੋ ਇਨ੍ਹਾਂ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ। ਗੁਰੂਗ੍ਰਾਮ ਦੇ ਲੋਕ ਨਿਰਮਾਣ ਰੈਸਟ ਹਾਊਸ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਯੂਕਰੇਨ ’ਚ ਹਰਿਆਣਾ ਦੇ ਲਗਪਗ 1800 ਵਿਦਿਆਰਥੀ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਉੱਥੋਂ ਪਰਤ ਆਏ ਹਨ ਪਰ ਕੁਝ ਵਿਦਿਆਰਥੀ ਹੁਣ ਵੀ ਯੂਕਰੇਨ ਦੇ ਸ਼ਹਿਰ ਵਿਚ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਵੀ ਸੁਰੱਖਿਅਤ ਵਾਪਸ ਲਿਆਂਦਾ ਜਾਵੇਗਾ। ਜੋ ਲੋਕ ਗੁਆਂਢੀ ਮੁਲਕਾਂ ਦੀ ਸਰਹੱਦ ’ਤੇ ਪੁੱਜ ਗਏ ਹਨ ਉਨ੍ਹਾਂ ਨੂੰ ਵਿਸ਼ੇਸ਼ ਉਡਾਣ ਰਾਹੀਂ ਲਿਆਂਦਾ ਜਾ ਰਿਹਾ ਹੈ।