ਰਤਨ ਸਿੰਘ ਢਿੱਲੋਂ
ਅੰਬਾਲਾ, 7 ਮਈ
ਕਰਨਾਲ ਵਿਚ ਫੜੇ ਗਏ ਚਾਰ ਕਥਿਤ ਦਹਿਸ਼ਤਗਰਦਾਂ ਵਿਚੋਂ ਅਮਨਦੀਪ ਅਤੇ ਹਰਪ੍ਰੀਤ ਨੇ ਅੰਬਾਲਾ ਵਿੱਚ ਧਮਾਕਾਖੇਜ਼ ਸਮੱਗਰੀ ਰੱਖਣ ਦੀ ਗੱਲ ਕਬੂਲੀ ਹੈ। ਇਨ੍ਹਾਂ ਦੋਹਾਂ ਤੋਂ ਇਲਾਵਾ ਫ਼ਿਰੋਜ਼ਪੁਰ ਵਿੱਚ ਫੜੇ ਗਏ ਤੀਜੇ ਵਿਅਕਤੀ ਅਕਾਸ਼ਦੀਪ ਦਾ ਵੀ ਇਸ ਵਾਰਦਾਤ ਵਿੱਚ ਹੱਥ ਰਿਹਾ ਸੀ। ਇਸ ਤਰ੍ਹਾਂ 48 ਦਿਨਾਂ ਬਾਅਦ ਅੰਬਾਲਾ ਵਿੱਚ ਮਿਲੇ ਤਿੰਨ ਹੈਂਡ ਗ੍ਰਨੇਡਾਂ ਅਤੇ ਆਈਈਡੀ ਦੀ ਗੁੱਥੀ ਸੁਲਝ ਗਈ ਹੈ। ਇਹ ਧਮਾਕਾਖੇਜ਼ ਸਮੱਗਰੀ 19 ਮਾਰਚ ਨੂੰ ਐੱਮਐੱਮ ਯੂਨੀਵਰਸਿਟੀ ਸੱਦੋਪੁਰ ਦੇ ਸਾਹਮਣੇ ਅਤੇ ਦਿੱਲੀ ਪਬਲਿਕ ਸਕੂਲ ਦੇ ਕੋਲ ਖ਼ਾਲੀ ਪਏ ਮੈਦਾਨ ਵਿਚੋਂ ਮਿਲੀ ਸੀ। ਅਮਨਦੀਪ, ਗੁਰਪ੍ਰੀਤ ਅਤੇ ਫ਼ਿਰੋਜ਼ਪੁਰ ਵਿਚੋਂ ਫੜੇ ਗਏ ਅਕਾਸ਼ਦੀਪ ਨੇ ਕਬੂਲ ਕੀਤਾ ਹੈ ਕਿ ਇਹ ਸਮੱਗਰੀ ਉਨ੍ਹਾਂ ਨੇ ਹੀ ਇੱਥੇ ਰੱਖੀ ਸੀ ਜੋ ਕਿਸੇ ਹੋਰ ਰਾਜ ਵਿੱਚ ਲਿਜਾਈ ਜਾਣੀ ਸੀ।
ਅੰਬਾਲਾ ਰੇਂਜ ਦੇ ਏਡੀਜੀਪੀ ਸ਼੍ਰੀਕਾਂਤ ਜਾਧਵ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਮੰਨਿਆ ਹੈ ਕਿ ਅੰਬਾਲਾ ਵਿਚ ਮਿਲੇ ਤਿੰਨ ਹੈਂਡ ਗ੍ਰਨੇਡ ਅਤੇ ਇੰਪਰੋਵਾਈਜ਼ ਐਕਸਪਲੋਸਿਵ ਡਿਵਾਈਸ ਆਈਡੀ ਉਨ੍ਹਾਂ ਨੇ ਹੀ ਰੱਖੇ ਸਨ। ਇਹ ਮਾਮਲਾ ਹੁਣ ਸੁਲਝ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਗੁੱਥੀ ਨੂੰ ਸੁਲਝਾਉਣ ਲਈ ਸਾਰਾ ਖ਼ੁਫ਼ੀਆ ਤੰਤਰ ਲੱਗਾ ਹੋਇਆ ਸੀ। ਪੰਜਾਬ ਪੁਲੀਸ ਵੀ ਇਸ ਮਾਮਲੇ ਦੀ ਤਫ਼ਤੀਸ਼ ਵਿਚ ਜੁੱਟੀ ਹੋਈ ਸੀ। ਮਾਮਲਾ ਕੌਮੀ ਸੁਰੱਖਿਆ ਨਾਲ ਜੁੜਿਆ ਹੋਣ ਕਰਕੇ ਐੱਨਆਈਏ ਅਤੇ ਐੱਨਐੱਸਜੀ ਖ਼ੁਫ਼ੀਆ ਤੰਤਰ ਦੇ ਨਾਲ ਪੰਜਾਬ ਪੁਲੀਸ ਵੀ ਮੌਕੇ ’ਤੇ ਪਹੁੰਚੀ ਸੀ। ਇਨ੍ਹਾਂ ਟੀਮਾਂ ਨੇ ਪੂਰੇ ਮਾਮਲੇ ਦਾ ਸੀਨ ਕ੍ਰੀਏਟ ਕੀਤਾ ਸੀ। ਬਾਅਦ ਵਿਚ ਟੀਮ ਨੇ ਕਰੀਬ ਡੇਢ ਕਿੱਲੋ ਵਿਸਫੋਟਕ ਸਮਗਰੀ ਨਸ਼ਟ ਕਰ ਦਿੱਤੀ ਸੀ। ਪਿਛਲੇ ਦਿਨੀਂ ਏਡੀਜੀਪੀ ਸ਼੍ਰੀਕਾਂਤ ਜਾਧਵ ਨੇ ਅੰਤਰਰਾਜੀ ਪੁਲੀਸ ਅਧਿਕਾਰੀਆਂ ਦੀ ਮੀਟਿੰਗ ਵੀ ਸੱਦੀ ਸੀ ਜਿਸ ਵਿਚ ਕਈ ਰਾਜਾਂ ਦੇ ਪੁਲੀਸ ਅਤੇ ਫ਼ੌਜ ਦੇ ਅਧਿਕਾਰੀ ਮੌਜੂਦ ਰਹੇ ਸਨ। ਹੁਣ ਅੰਬਾਲਾ ਪੁਲੀਸ ਕਰਨਾਲ ਵਿੱਚ ਫੜੇ ਗਏ ਦਹਿਸ਼ਤਗਰਦਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛ-ਪੜਤਾਲ ਕਰੇਗੀ।