ਪੱਤਰ ਪ੍ਰੇਰਕ
ਫਰੀਦਾਬਾਦ, 13 ਜੁਲਾਈ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਐੱਨਐੱਫਟੀ, ਏਆਈ ਅਤੇ ਮੈਟਾਵਰਸ ਦੇ ਦੌਰ ਵਿੱਚ ਅਪਰਾਧ ਤੇ ਸੁਰੱਖਿਆ ਦੇ ਵਿਸ਼ੇ ’ਤੇ ਕਰਵਾਈ ਦੋ-ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਉਨ੍ਹਾਂ ਸਾਈਬਰ ਸੁਰੱਖਿਆ ਦੇ ਮੱਦੇਨਜ਼ਰ ਵੱਖ-ਵੱਖ ਰਾਜਾਂ ਵੱਲੋਂ ਲਗਾਏ ਗਏ ਸਟਾਲਾਂ ਦਾ ਦੌਰਾ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਪਹਿਲੂਆਂ ’ਤੇ ਸੂਚਨਾ, ਲੋਕ ਸੰਪਰਕ, ਭਾਸ਼ਾ ਤੇ ਸੰਸਕ੍ਰਿਤੀ ਵਿਭਾਗ ਵੱਲੋਂ ਲਗਾਈ ਸਟਾਲ ’ਤੇ ਜਾ ਕੇ ਉਨ੍ਹਾਂ ਨੇ ਹਰਿਆਣਾ ਸਰਕਾਰ ਦੀ ਡਾਕੂਮੈਂਟਰੀ ਵੀ ਦੇਖੀ, ਜਿਸ ਵਿੱਚ ਹਰਿਆਣਾ ਵਿੱਚ ਪੁਲੀਸ ਸੁਧਾਰ, ਪੰਚਕੂਲਾ ਵਿੱਚ ਸਾਈਬਰ ਫੋਰੈਂਸਿਕ ਲੈਬ ਦੀ ਸਥਾਪਨਾ, ਸਾਈਬਰ ਹੈਲਪਲਾਈਨ 1930, 318 ਸਾਈਬਰ ਹੈਲਪ ਡੈਸਕ, 29 ਸਾਈਬਰ ਪੁਲੀਸ ਸਟੇਸ਼ਨ ਤੇ ਅਪਰਾਧ ਦੀ ਰੋਕਥਾਮ ਵਰਗੇ ਵਿਸ਼ਿਆਂ ਨੂੰ ਦੇਖਿਆ ਗਿਆ।