ਪੱਤਰ ਪ੍ਰੇਰਕ
ਫਰੀਦਾਬਾਦ, 21 ਮਾਰਚ
ਸਿੰਘ ਸਭਾ ਸੈਕਟਰ-15 ਦੇ ਗੁਰਦੁਆਰੇ ਵਿੱਚ ਹਰਿਆਲੀ ਵਧਾਉਣ ਸਬੰਧੀ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਗਏ ਹਨ ਤੇ ਗੁਰਦੁਆਰੇ ਵਿੱਚ ਅਤੇ ਆਲੇ-ਦੁਆਲੇ ਬੂਟਿਆਂ ਦੀ ਉਚੇਚੀ ਸਾਂਭ ਕੀਤੀ ਜਾਂਦੀ ਹੈ। ਗੁਰਦੁਆਰੇ ਦੇ ਪ੍ਰਬੰਧਕਾਂ ਮੁਤਾਬਕ ਲਗਪਗ ਪੰਜ ਸੌ ਬੂਟੇ ਅਤੇ ਕਈ ਵੱਡੇ ਦਰੱਖ਼ਤ ਗੁਰਦੁਆਰੇ ਦੀ ਸ਼ੋਭਾ ਵਧਾ ਰਹੇ ਹਨ। ਸਿੰਘ ਸਭਾ ਸੈਕਟਰ-15 ਦੀ ਪ੍ਰਧਾਨ ਰਾਣਾ ਭੱਟੀ ਨੇ ਦੱਸਿਆ ਕਿ ਗੁਰਬਾਣੀ ਹਰੇਕ ਸਿੱਖ ਨੂੰ ਸੱਦਾ ਦਿੰਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖੇ ਅਤੇ ਹਵਾ, ਧਰਤੀ, ਪਾਣੀ ਦੀ ਸ਼ੁੱਧਤਾ ਬਰਕਰਾਰ ਰੱਖਣ ਦੀ ਪਹਿਲ ਕੀਤੀ ਜਾਣੀ ਚਾਹੀਦੀ ਹੈ। ਰਾਣਾ ਭੱਟੀ ਨੇ ਦੱਸਿਆ ਕਿ ਐੱਨਸੀਆਰ ਵਿੱਚ ਬਹੁਤ ਪ੍ਰਦੂਸ਼ਣ ਰਹਿੰਦਾ ਹੈ ਜਿਸ ਕਰਕੇ ਇੱਥੇ ਹਰਿਆਲੀ ਦੀ ਖ਼ਾਸ ਲੋੜ ਹੈ। ਸਨਅਤਕਾਰ ਅਜੈ ਜੁਨੇਜਾ ਨੇ ਦੱਸਿਆ ਕਿ ਫਰੀਦਾਬਾਦ ਪ੍ਰਦੂਸ਼ਣ ਦੀ ਮਾਰ ਝੱਲਦਾ ਹੈ ਇਸ ਕਰਕੇ ਹਰੇਕ ਨੂੰ ਹਰਿਆਲੀ ਵਧਾਉਣ ਦਾ ਜਿੱਥੇ ਵੀ ਮੌਕਾ ਮਿਲੇ ਇਹ ਕਾਰਜ ਜ਼ਰੂਰ ਕਰੇ, ਇਹ ਸਿਹਤ ਤੇ ਸਮਾਜ ਲਈ ਅਹਿਮ ਹੈ।