ਪੱਤਰ ਪ੍ਰੇਰਕ
ਯਮੁਨਾਨਗਰ, 21 ਨਵੰਬਰ
ਹਰਿਆਣਾ ਸਰਸਵਤੀ ਧਰੋਹਰ ਵਿਕਾਸ ਬੋਰਡ ਦੇ ਮੀਤ ਪ੍ਰਧਾਨ ਘੁੰਮਣ ਸਿੰਘ ਕਿਰਮਿਚ ਨੇ ਦੱਸਿਆ ਕਿ ਸਰਸਵਤੀ ਨਦੀ ਦੇ ਕਿਨਾਰੇ ਪਿੰਡ ਸੰਧਾਏ ਨੇੜੇ ਕਿਲੇ ਵਿੱਚੋਂ ਪ੍ਰਾਚੀਨ ਸਿੱਕੇ ਮਿਲੇ ਹਨ। ਇਨ੍ਹਾਂ ਸਿੱਕਿਆਂ ਦਾ ਸਬੰਧ ਹੜੱਪਾ ਕਾਲ ਨਾਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪਿੰਡ ਦੇ ਵਾਸੀ ਅਤੇ ਸਮਾਜ ਸੇਵੀ ਬਲਵਿੰਦਰ ਸਿੰਘ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਇਹ ਸਿੱਕੇ ਸਰਸਵਤੀ ਧਰੋਹਰ ਵਿਕਾਸ ਬੋਰਡ ਨੂੰ ਸੌਂਪ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਸਿੱਕੇ ਦੇਖ ਕੇ ਲਗਦਾ ਹੈ ਕਿ ਇਸ ਸਰਸਵਤੀ ਨਦੀ ਦੇ ਕਿਨਾਰੇ ਕਿਸੇ ਸਮੇਂ ਲੋਕ ਵਸਦੇ ਸਨ। ਸ੍ਰੀ ਕਿਰਮਿਚ ਨੇ ਕਿਹਾ ਕਿ ਇਸ ਸਬੰਧ ਵਿੱਚ ਇਤਿਹਾਸਕ ਦ੍ਰਿਸ਼ਟੀ ਨਾਲ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੁਰਾਤੱਤਵ ਵਿਭਾਗ ਨੂੰ ਪੱਤਰ ਲਿਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਆਦਬਿਦ੍ਰੀ ਤੋਂ ਲੈ ਕੇ ਰਾਜਸਥਾਨ ਤੱਕ ਭਗਵਾਨਪੁਰਾ, ਕਪਿਲ ਮੁਨੀ ਮੰਦਿਰ ਕੈਥਲ, ਰਾਖੀਗੜ੍ਹੀ, ਬਨਾਵਲੀ ਸਮੇਤ ਹੋਰ ਦਰਜਨਾਂ ਅਜਿਹੀਆਂ ਥਾਵਾਂ ਹਨ ਜਿੱਥੇ ਪ੍ਰਾਚੀਨ ਸੱਭਿਅਤਾ ਦੀਆਂ ਨਿਸ਼ਾਨੀਆਂ ਮੌਜੂਦ ਹਨ। ਜੇਕਰ ਇੱਥੇ ਖੁਦਾਈ ਕਰਵਾਈ ਜਾਵੇ ਤਾਂ ਹੋਰ ਜ਼ਿਆਦਾ ਇਤਿਹਾਸ ਜਾਣਨ ਦਾ ਮੌਕਾ ਮਿਲੇਗਾ।