ਰਤਨ ਸਿੰਘ ਢਿੱਲੋਂ
ਅੰਬਾਲਾ, 11 ਸਤੰਬਰ
ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਅੱਜ ਅੰਬਾਲਾ ਛਾਉਣੀ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੋਡ-ਸ਼ੋਅ ਕੀਤਾ ਜੋ ਅੰਬਾਲਾ ਛਾਉਣੀ ਦੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਅਗਰਵਾਲ ਧਰਮਸ਼ਾਲਾ ਤੱਕ ਪਹੁੰਚਿਆ।
ਇਸ ਮੌਕੇ ਸ੍ਰੀ ਵਿੱਜ ਨੇ ਕਿਹਾ ਕਿ ਅੱਜ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਇਸ ਤੋਂ ਲਗਦਾ ਹੈ ਕਿ ਇਸ ਵਾਰ ਜਨਤਾ ਉਨ੍ਹਾਂ ਨੂੰ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਜਿਤਾਏਗੀ। ਰੋਡ ਸ਼ੋਅ ਤੋਂ ਬਾਅਦ ਅਨਿਲ ਵਿੱਜ ਸਟਾਫ ਰੋਡ ’ਤੇ ਸਥਿਤ ਮਿਨੀ ਸਕੱਤਰੇਤ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ।
ਮੁਲਾਣਾ ਹਲਕੇ ਤੋਂ ਦੋ ਉਮੀਦਵਾਰਾਂ ਤੇ ਦੋ ਕਵਰਿੰਗ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ
ਬਰਾੜਾ ਐੱਸਡੀਐੱਮ ਅਤੇ ਮੁਲਾਣਾ ਵਿਧਾਨ ਸਭਾ ਹਲਕੇ ਦੇ ਚੋਣ ਅਧਿਕਾਰੀ ਅਸ਼ਵਨੀ ਮਲਿਕ ਕੋਲ ਭਾਜਪਾ ਦੀ ਉਮੀਦਵਾਰ ਸੰਤੋਸ਼ ਚੌਹਾਨ ਸਾਰਵਾਨ ਪਤਨੀ ਸੇਵਾਮੁਕਤ ਆਈਏਐਸ ਅਧਿਕਾਰੀ ਮਦਨ ਲਾਲ ਸਾਰਵਾਨ ਅਤੇ ਉਨ੍ਹਾਂ ਦੇ ਬੇਟੇ ਅਮਿਤ ਸਾਰਵਾਨ ਨੇ ਬਤੌਰ ਕਵਰਿੰਗ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਨ੍ਹਾਂ ਤੋਂ ਬਿਨਾ ਇੰਡੀਅਨ ਨੈਸ਼ਨਲ; ਲੋਕਦਲ ਦੀ ਕਵਰਿੰਗ ਉਮੀਦਵਾਰ ਬਾਲਾ ਰਾਣੀ ਪਤਨੀ ਪ੍ਰਕਾਸ਼ ਰਾਮ ਤੇ ਹਰਕੇਸ਼ ਕੁਮਾਰ ਪੁੱਤਰ ਫੂਲ ਚੰਦ ਨੇ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ। ਰਿਟਰਨਿੰਗ ਅਧਿਕਾਰੀ ਅਸ਼ਵਨੀ ਮਲਿਕ ਨੇ ਦੱਸਿਆ ਕਿ ਉਮੀਦਵਾਰਾਂ ਵੱਲੋਂ ਭਲਕੇ ਵੀਰਵਾਰ 12 ਸਤੰਬਰ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਜਾ ਸਕਦੇ ਹਨ। ਸ਼ੁੱਕਰਵਾਰ 13 ਸਤੰਬਰ ਨੂੰ ਨਾਮਜ਼ਦਗੀ ਕਾਗਜ਼ਾਂ ਦੀ ਪੜਤਾਲ ਹੋਵੇਗੀ ਅਤੇ ਸੋਮਵਾਰ 16 ਸਤੰਬਰ ਤੱਕ ਕਾਗਜ਼ ਵਾਪਸ ਲਏ ਜਾ ਸਕਣਗੇ।