ਪੀ.ਪੀ. ਵਰਮਾ
ਪੰਚਕੂਲਾ, 26 ਅਪਰੈਲ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅੱਜ ਦੁਪਹਿਰ ਪੰਚਕੂਲਾ ਦੇ ਮਿਨੀ ਸਕੱਤਰੇਤ ਵਿੱਚ ਅਚਾਨਕ ਪਹੁੰਚੇ। ਉਨ੍ਹਾਂ ਡੀਸੀਪੀ ਮੋਹਿਤ ਹਾਂਡਾ ਦੇ ਦਫ਼ਤਰ ਵਿੱਚ ਪੁੱਜ ਕੇ ਹੁਕਮ ਦਿੱਤੇ ਕਿ ਆਈਏਐੱਸ ਅਧਿਕਾਰੀ ਅਸ਼ੋਕ ਖੇਮਕਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਸ ਦਰਜ ਕੀਤਾ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਆਈਏਐੱਸ ਅਧਿਕਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਨਹੀਂ ਹੋ ਰਿਹਾ ਤਾਂ ਆਮ ਵਿਅਕਤੀ ਦੀ ਸੁਣਵਾਈ ਕਿੱਥੋਂ ਹੋਵੇਗੀ। ਇਸ ਵਕਤ ਡੀਸੀਪੀ ਦਫ਼ਤਰ ਵਿੱਚ ਆਈਏਐੱਸ ਅਸ਼ੋਕ ਖੇਮਕਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਸੂਬੇ ਦੇ ਇੱਕ ਹੋਰ ਆਈਏਐੱਸ ਅਧਿਕਾਰੀ ਸੰਜੀਵ ਵਰਮਾ ਨੇ ਅਸ਼ੋਕ ਖੇਮਕਾ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਦੋਸ਼ ਲਾਉਂਦੇ ਹੋਏ ਕੇਸ ਦਰਜ ਕਰਵਾਉਣ ਲਈ ਇੱਕ ਪੱਤਰ ਵੀ ਲਿਖਿਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਆਈਏਐੱਸ ਅਸ਼ੋਕ ਖੇਮਕਾ ਨੇ ਵੀ ਕੇਸ ਦਰਜ ਕਰਨ ਲਈ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਪਰ ਪੁਲੀਸ ਨੇ ਐੱਫਆਈਆਰ ਦਰਜ ਨਹੀਂ ਕੀਤੀ। ਜਾਣਕਾਰੀ ਅਨੁਸਾਰ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਮਾਮਲੇ ਵਿੱਚ ਦਖ਼ਲ ਦਿੱਤਾ ਅਤੇ ਉਹ ਮੰਗਲਵਾਰ ਨੂੰ ਡੀਸੀਪੀ ਦਫ਼ਤਰ ਪੰਚਕੂਲਾ ਵਿੱਚ ਪਹੁੰਚ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਪੰਚਕੂਲਾ ਪੁਲੀਸ ਕਮਿਸ਼ਨਰ ਹਨੀਫ ਕੁਰੈਸ਼ੀ ਵੀ ਮੌਜੂਦ ਸਨ। ਉੱਧਰ ਅਸ਼ੋਕ ਖੇਮਕਾ ਵੀ ਡੀਸੀਪੀ ਦਫ਼ਤਰ ਵਿੱਚ ਆ ਗਏ ਅਤੇ ਦੋਵੇਂ ਅਧਿਕਾਰੀ ਇੱਕ-ਦੂਜੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਲਾਉਂਦੇ ਰਹੇ। ਗ੍ਰਹਿ ਮੰਤਰੀ ਪੌਣੇ ਘੰਟੇ ਕਰੀਬ ਡੀਸੀਪੀ ਦਫ਼ਤਰ ਵਿੱਚ ਰਹੇ। ਇਸ ਦੌਰਾਨ ਪੁਲੀਸ ਕਮਿਸ਼ਨਰ ਹਨੀਫ ਕੁਰੈਸ਼ੀ ਨਾਲ ਮਾਮਲੇ ਬਾਰੇ ਗੱਲਬਾਤ ਕੀਤੀ।