ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਨਵੰਬਰ
ਮੁਲਾਣਾ ਥਾਣੇ ਦੇ ਤਹਿਤ ਸੁਹਾਣਾ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਕ ਹੋਰ ਮੌਤ ਦੀ ਖ਼ਬਰ ਹੈ। ਗੁੱਸੇ ਵਿਚ ਆਏ ਪਿੰਡ ਵਾਲਿਆਂ ਨੇ ਸ਼ਰਾਬ ਦੇ ਠੇਕੇ ਨੂੰ ਜਿੰਦਰਾ ਜੜ ਦਿੱਤਾ ਹੈ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਸੁਹਾਣਾ ਪਿੰਡ ਵਿੱਚ ਇਸ ਤੋਂ ਪਹਿਲਾਂ ਛੇ ਜਣਿਆਂ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਬਰਾੜਾ ਵਿੱਚ ਦੋ ਮਜ਼ਦੂਰ ਜ਼ਹਿਰੀਲੀ ਸ਼ਰਾਬ ਨਾਲ ਜਾਨ ਗਵਾ ਚੁੱਕੇ ਹਨ। ਇਹ ਦੋਵੇਂ ਜਾਅਲੀ ਸ਼ਰਾਬ ਫੈਕਟਰੀ ਵਿਚ ਕੰਮ ਕਰਦੇ ਸਨ।
ਸੁਹਾਣਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 7ਵੀਂ ਮੌਤ ਵੀ ਸ਼ਰਾਬ ਪੀਣ ਨਾਲ ਹੋਈ ਹੈ ਜਦੋਂਕਿ ਪੁਲੀਸ ਦਾ ਕਹਿਣਾ ਹੈ ਕਿ ਸੁਹਾਣਾ ਵਿਚ ਸ਼ਰਾਬ ਪੀਣ ਨਾਲ ਕੋਈ ਮੌਤ ਨਹੀਂ ਹੋਈ। ਪੁਲੀਸ ਕਿਸੇ ਦੀ ਮੌਤ ਦਾ ਕਾਰਨ ਹਰਟ ਅਟੈਕ ਅਤੇ ਕਿਸੇ ਦਾ ਚਿਕਨਗੁਨੀਆ ਦੱਸ ਰਹੀ ਹੈ।
ਉੱਧਰ, ਸੀਆਈਏ ਸ਼ਾਹਜ਼ਾਦਪੁਰ ਨੇ ਅੰਬਾਲਾ ਦੇ ਬਿੰਜਲਪੁਰ ਵਿੱਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦੇ ਫ਼ਰਾਰ ਚੱਲ ਰਹੇ ਮਾਸਟਰ ਮਾਈਂਡ ਅੰਕਿਤ ਉਰਫ਼ ਮੋਗਲੀ ਵਾਸੀ ਉਗਾਲਾ ਨੂੰ ਕਾਲਾ ਅੰਬ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਗੰਭੀਰ ਹੋਣ ਕਰ ਕੇ ਡੀਜੀਪੀ ਅਤੇ ਏਡੀਜੀਪੀ ਏਐਸ ਚਾਵਲਾ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਏਡੀਜੀਪੀ ਚਾਵਲਾ ਖ਼ੁਦ ਬਿੰਜਲਪੁਰ ਪਹੁੰਚ ਕੇ ਨਾਜਾਇਜ਼ ਸ਼ਰਾਬ ਬਣਾਉਣ ਵਾਲੀ ਫੈਕਟਰੀ ਦਾ ਮੁਆਇਨਾ ਕਰ ਚੁੱਕੇ ਹਨ। ਜਾਣਕਾਰੀ ਅਨੁਸਾਰ ਇਸ ਫੈਕਟਰੀ ਵਿੱਚ ਬਣੀ ਨਕਲੀ ਸ਼ਰਾਬ ਯਮੁਨਾਨਗਰ ਵਿਚ ਸਪਲਾਈ ਕੀਤੀ ਗਈ ਸੀ। ਦੱਸਣਯੋਗ ਹੈ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਯਮੁਨਾਨਗਰ ਅਤੇ ਅੰਬਾਲਾ ਵਿਚ ਹੁਣ ਤੱਕ 22 ਜਣਿਆਂ ਦੀ ਮੌਤ ਹੋ ਚੁੱਕੀ ਹੈ।