ਫਰਿੰਦਰ ਪਾਲ ਗੁਲੀਆਣੀ
ਨਰਾਇਣਗੜ੍ਹ, 25 ਸਤੰਬਰ
ਭਾਜਪਾ ਵੱਲੋਂ ਨਰਾਇਣਗੜ੍ਹ ਦੇ ਸ੍ਰੀ ਨਗਰ ਖੇੜਾ ਮੰਦਰ ਦੇ ਵਰਾਂਡੇ ਵਿੱਚ ਸਮਾਗਮ ਕਰਵਾਇਆ ਗਿਆ। ਇਸ ਵਿੱਚ ਕੇਂਦਰੀ ਮੰਤਰੀ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਿਰਕਤ ਕੀਤੀ। ਉਹ ਭਾਜਪਾ ਉਮੀਦਵਾਰ ਡਾ. ਪਵਨ ਸੈਣੀ ਦੇ ਹੱਕ ਵਿਚ ਵੋਟਾਂ ਮੰਗਣ ਲਈ ਆਏ ਸਨ। ਇਸ ਮੌੇਕੇ ਸ੍ਰੀ ਖੱਟਰ ਨੇ ਕਿਹਾ ਕਿ ਇੱਥੇ ਇਕੱਠੇ ਹੋਏ ਲੋਕਾਂ ਦੀ ਇੱਛਾ ਹੈ ਕਿ ਨਾਇਬ ਸੈਣੀ ਦੀ ਅਗਵਾਈ ਹੇਠ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇ। ਭਾਜਪਾ ਨੇ ਦੋ ਵਾਰ ਸਰਕਾਰ ਬਣਾ ਕੇ ਕਾਂਗਰਸ ਦੀ ਬਰਾਬਰੀ ਕੀਤੀ ਹੈ ਅਤੇ ਹੁਣ ਹਰਿਆਣਾ ਵਿੱਚ ਤੀਜੀ ਵਾਰ ਸਰਕਾਰ ਬਣਾ ਕੇ ਰਿਕਾਰਡ ਬਣਾਉਣਾ ਹੈ। ਉਨ੍ਹਾਂ ਦਲਿਤ ਆਗੂ ਕੁਮਾਰੀ ਸ਼ੈਲਜਾ ’ਤੇ ਕੀਤੀ ਗਲਤ ਟਿੱਪਣੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਾਢੇ ਨੌਂ ਸਾਲ ਮੁੱਖ ਮੰਤਰੀ ਰਹੇ। ਇਨ੍ਹਾਂ ਨੇ ਸਾਢੇ ਨੌਂ ਸਾਲ ਪੰਜਾਬੀ ਸਮਾਜ ਨਾਲ ਦੁਰਵਿਵਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੂੰ ਬਣਾਉਣ ਵਿੱਚ ਪੰਜਾਬੀ ਭਾਈਚਾਰੇ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਉਹ ਕਹਿੰਦੇ ਸਨ ਕਿ ਪੰਜਾਬੀ ਜਿੱਥੋਂ ਆਏ ਹਨ, ਇਨ੍ਹਾਂ ਨੂੰ ਉਥੇ ਹੀ ਭੇਜਾਂਗੇ ਪਰ ਪੰਜਾਬੀ ਕੌਮ ਦੇਸ਼ ਭਗਤੀ ਦਾ ਜਜ਼ਬਾ ਲੈ ਕੇ ਆਈ ਸੀ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਕਾਂਗਰਸ ਨੇ ਮੰਨਿਆ ਕਿ ਭਾਜਪਾ ਦੀ ਸਰਕਾਰ ਬਣੇਗੀ: ਖੱਟਰ
ਕੁਰੂਕਸ਼ੇਤਰ/ਸ਼ਾਹਬਾਦ (ਸਰਬਜੋਤ ਸਿੰਘ ਦੁੱਗਲ/ਸਤਨਾਮ ਸਿੰਘ):
ਇੱਥੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਭਾਜਪਾ ਦੀ ਜਨਸਭਾ ਨੂੰ ਸੰਬੋਧਨ ਕਰਨ ਲਈ ਦੇਵੀ ਮੰਦਰ ਧਰਮਸ਼ਾਲਾ ਪਹੁੰਚੇ। ਇਸ ਮੌਕੇ ਸ੍ਰੀ ਖੱਟਰ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਇਹ ਮੰਨ ਲਿਆ ਹੈ ਕਿ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਹ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਦਾਅਵੇ ਕਰਦੇ ਹਨ, ਪਰ ਚੋਣਾਂ ਖ਼ਤਮ ਹੋਣ ਅਤੇ ਨਤੀਜੇ ਆਉਣ ਤੋਂ ਬਾਅਦ ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ। ਇਸ ਮੌਕੇ ਭਾਜਪਾ ਉਮੀਦਵਾਰ ਸੁਭਾਸ਼ ਕਲਸਾਣਾ ਨੇ ਕਾਂਗਰਸੀ ਉਮੀਦਵਾਰ ’ਤੇ ਕਈ ਤਨਜ਼ ਕਸੇ। ਇਸ ਮੌਕੇ ਵਿਧਾਨ ਸਭਾ ਕੋਆਰਡੀਨੇਟਰ ਧੁੰਮਣ ਸਿੰਘ ਕਿਰਮਚ ਅਤੇ ਸੂਬਾਈ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ ਹਾਜ਼ਰ ਸਨ।