ਪੱਤਰ ਪ੍ਰੇਰਕ
ਯਮੁਨਾਨਗਰ, 10 ਅਗਸਤ
ਸੀਆਈਏ ਵਨ ਦੀ ਟੀਮ ਨੇ ਜਾਅਲੀ ਕਰੰਸੀ ਸਪਲਾਈ ਕਰਨ ਜਾ ਰਹੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ 91 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਵੀ ਬਰਾਮਦ ਹੋਈ ਹੈ। ਟੀਮ ਨੇ ਦੋਵਾਂ ਨੌਜਵਾਨਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਪੰਚਕੂਲਾ ’ਚ ਛਾਪਾ ਮਾਰ ਕੇ ਇੱਕ ਦਫ਼ਤਰ ਤੋਂ ਚਾਰ ਮੁਲਜ਼ਮ ਹੋਰ ਫੜੇ ਹਨ। ਉਨ੍ਹਾਂ ਦੇ ਕਬਜ਼ੇ ’ਚੋਂ 12 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਸਾਰੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੀਆਈਏ- ਵਨ ਇੰਚਾਰਜ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਰੁਣ ਉਰਫ ਲੂਸੀ ਵਾਸੀ ਹੰਡੋਲੀ, ਸ਼ਾਹਰੁਖ ਵਾਸੀ ਲੇਦਾ ਖਾਦਰ, ਅੰਬਾਲਾ ਦੇ ਗੋਲਾ ਪਿੰਡ ਦੇ ਰਹਿਣ ਵਾਲੇ ਪ੍ਰਭਜੋਤ, ਪੰਚਕੂਲਾ ਦੇ ਰਾਏਪੁਰਾਨੀ ਦੇ ਰਹਿਣ ਵਾਲੇ ਅਸ਼ੋਕ ਕੁਮਾਰ, ਓਮ ਸਿੰਘ ਵਾਸੀ ਪਿੱਪਲੀਵਾਲਾ ਅਤੇ ਰਾਹੁਲ ਵਾਸੀ ਸਲੇਮਪੁਰ ਬੱਲੀਆ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।