ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 24 ਜੂਨ
ਕਿਸਾਨਾਂ ਤੇ ਸਿੰਜਾਈ ਵਿਭਾਗ ਵਿਚਕਾਰ ਬਣਿਆ ਵਿਵਾਦ ਆਸਾਖੇੜਾ ਮਾਈਨਰ ’ਚ ਅੱਜ ਦੇਰ ਰਾਤ ਨੂੰ ਪਾਣੀ ਆਉਂਦੇ ਸਾਰ ਇੱਕ ਵਾਰ ਠੰਢਾ ਪੈ ਗਿਆ। ਪਾਣੀ ਬੰਦੀ ਮਗਰੋਂ ਅੱਜ ਦੇਰ ਰਾਤ ਟੇਲ ’ਤੇ ਮਾਈਨਰ ਉੱਪਰ ਲੱਗੇ ਧਰਨਾ ਪੰਡਾਲ ਮੂਹਰੇ ਪਾਣੀ ਪੁੱਜਣ ’ਤੇ ਭਾਜਪਾ ਆਗੂ ਅਦਿੱਤਿਆ ਚੌਟਾਲਾ ਦੀ ਵਿਚਕਾਰਤਾ ਸਦਕਾ ਕਿਸਾਨਾਂ ਤੇ ਸਿੰਜਾਈ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ। ਰਾਜੀਨਾਮੇ ਤਹਿਤ ਕਿਸਾਨ ਮਾਈਨਰ ਤੋਂ ਮਿੱਟੀ ਕੱਢ ਕੇ ਧਰਨਾ ਪਾਸੇ ਲਗਾਉਣ ਲਈ ਰਾਜ਼ੀ ਹੋ ਗਏ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਕਾਂਗਰਸ ਵਿਧਾਇਕ ਅਮਿਤ ਸਿਹਾਗ ਅਤੇ ਜਜਪਾ ਆਗੂ ਦਿੱਗਵਿਜੈ ਚੌਟਾਲਾ ਦੀਆਂ ਕੋਸ਼ਿਸ਼ਾਂ ਦੇ ਬਾਅਦ ਅੱਜ ਭਾਜਪਾ ਸਰਕਾਰ ਦੇ ਨੁਮਾਇੰਦੇ ਵਜੋਂ ਹਰਿਆਣਾ ਮਾਰਕੀਟਿੰਗ ਬੋਰਡ ਦੇ ਚੇਅਰਮੈਨ ਅਦਿੱਤਿਆ ਚੌਟਾਲਾ ਦੋਵੇਂ ਧਿਰਾਂ ਵਿਚਕਾਰ ਗੱਲਬਾਤ ਦੇ ਸੂਤਰਧਾਰ ਬਣੇ। ਸ੍ਰੀ ਚੌਟਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਹਰ ਹਾਲਤ ’ਚ ਪੂਰਾ ਪਾਣੀ ਮੁਹੱਈਆ ਕਰਵਾਉਣ ਲਈ ਪੰਜ ਕਿਸਾਨਾਂ ਅਤੇ ਅਧਿਕਾਰੀਆਂ ’ਤੇ ਆਧਾਰਤ ਕਮੇਟੀ ਗਠਿਤ ਕੀਤੀ ਹੈ। ਜਿਸ ਵੱਲੋਂ ਰੋਜ਼ਾਨਾ ਮਾਈਨਰ ’ਚ ਪਾਣੀ ਆਮਦ ਨੂੰ ਸੂਚੀਬੰਧ ਕੀਤਾ ਜਾਵੇਗਾ। ਜਿਸਦੇ ਆਧਾਰ ’ਤੇ ਦਰਪੇਸ਼ ਦਿੱਕਤਾਂ/ ਖਾਮੀਆਂ ਨੂੰ ਦਰੁੱਸਤ ਕੀਤਾ ਜਾਵੇਗਾ। ਪ੍ਰਹਿਲਾਦ ਸਿੰਘ ਨੇ ਦੱਸਿਆ ਕਿ 15 ਦਿਨਾਂ ਤੱਕ ਮਾਈਨਰ ਦੇ ਬਕਾਇਆ ਕਾਰਜ ਤੇ ਤਬਦੀਲੀਆਂ ਹੋਣ ਤੱਕ ਧਰਨਾ ਜਾਰੀ ਰਹੇਗਾ। ਨਹਿਰੀ ਵਿਭਾਗ ਦੇ ਐੱੱਸਡੀਓ ਮੁਕੇਸ਼ ਸੁਥਾਰ ਨੇ ਕਿਹਾ ਕਿ ਵਿਭਾਗ ਸ਼ੁਰੂ ਤੋਂ ਕਿਸਾਨਾਂ ਨੂੰ ਪੂਰਾ ਪਾਣੀ ਦੇਣ ਲਈ ਵਚਨਵੱਧ ਹੈ। ਰਾਜੀਨਾਮੇ ਤਹਿਤ ਫਾਲ ਦੀ ਚੌੜ੍ਹਾਈ ਵਧਾਉਣ ਬਾਰੇ ਕਿਸਾਨਾਂ ਦੇ ਦਾਅਵੇ ਬਾਰੇ ਕਿਹਾ ਉਨ੍ਹਾਂ ਕਿ ਡਿਜ਼ਾਈਨ ’ਚ ਕੋਈ ਤਬਦੀਲੀ ਨਹੀਂ ਹੋਵੇਗੀ।