ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 22 ਫਰਵਰੀ
ਆਸ਼ਾ ਵਰਕਰਜ਼ ਯੂਨੀਅਨ ਹਰਿਆਣਾ ਦੀਆਂ ਕਾਰਕੁਨਾਂ ਨੇ ਅੱਜ ਅੰਬਾਲਾ ਸ਼ਹਿਰ ਵਿਚ ਚੀਫ਼ ਮੈਡੀਕਲ ਅਫ਼ਸਰ (ਸੀਐੱਮਓ) ਦੇ ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਿਹਤ ਮੰਤਰੀ ਨਾਲ ਦੋ ਵਾਰੀ ਗੱਲਬਾਤ ਦੌਰਾਨ ਜੋ ਸਹਿਮਤੀ ਬਣੀ ਸੀ, ਉਸ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਖ਼ਿਲਾਫ਼ ਦਰਜ ਹੋਏ ਕੇਸ ਰੱਦ ਕਰਵਾਉਣ ਲਈ ਐੱਸ ਪੀ ਅੰਬਾਲਾ ਨੂੰ ਮੰਗ-ਪੱਤਰ ਵੀ ਸੌਂਪਿਆ।
ਪੁਲੀਸ ਵੱਲੋਂ 17 ਫਰਵਰੀ ਨੂੰ ਆਸ਼ਾ ਵਰਕਰਾਂ ’ਤੇ ਲਾਠੀਚਾਰਜ ਕੀਤਾ ਗਿਆ ਸੀ। ਆਸ਼ਾ ਵਰਕਰਾਂ ਐੱਸ ਪੀ ਦਫ਼ਤਰ ਤੋਂ ਜਲੂਸ ਦੀ ਸ਼ਕਲ ਵਿਚ ਸੀਐੱਮਓ ਦਫ਼ਤਰ ਪਹੁੰਚੀਆਂ। ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਪੁਲੀਸ ਨੇ ਬਲ ਪ੍ਰਯੋਗ ਕਰ ਕੇ ਉਨ੍ਹਾਂ ਦੇ ਸੰਵਿਧਾਨਕ ਹੱਕਾਂ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਆਸ਼ਾ ਵਰਕਰਾਂ ਦੇ ਕੰਮ ਨੂੰ ਜ਼ਰੂਰੀ ਸੇਵਾਵਾਂ ਕਹਿੰਦੀ ਹੈ ਅਤੇ ਦੂਜੇ ਪਾਸੇ ਜਦੋਂ ਉਹ ਸਨਮਾਨ ਪੂਰਨ ਤਨਖ਼ਾਹ ਮੰਗਦੀਆਂ ਹਨ ਤਾਂ ਉਨ੍ਹਾਂ ਨੂੰ ਸਵੈ-ਸੇਵੀ ਵਰਕਰ ਦੱਸ ਦਿੱਤਾ ਜਾਂਦਾ ਹੈ। ਇਸ ਤੋਂ ਸਰਕਾਰ ਦਾ ਦੋਗਲਾਪਣ ਜ਼ਾਹਿਰ ਹੁੰਦਾ ਹੈ। ਉਨ੍ਹਾਂ ਨੇ ਅੱਠ ਮਾਰਚ ਨੂੰ ਪੂਰੇ ਸੂਬੇ ਵਿਚ ਹੜਤਾਲ ਦਾ ਐਲਾਨ ਕੀਤਾ। ਇਸ ਮੌਕੇ ਸਰਬਜੀਤ ਕੌਰ, ਪੂਜਾ ਰਾਣੀ, ਰਾਮ ਗੋਪਾਲ ਸਮੇਤ ਯੂਨੀਅਨ ਦੇ ਹੋਰ ਅਹੁਦੇਦਾਰ ਮੌਜੂਦ ਸਨ।