ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਜੂਨ
ਇਥੋਂ ਦੀ ਅਨਾਜ ਮੰਡੀ ਸਥਿਤ ਕਿਸਾਨ ਭਵਨ ਵਿੱਚ ਮੰਡੀ ਮਜ਼ਦੂਰਾਂ ਦੇ ਕਿਸਾਨਾਂ ਲਈ ਦਸ ਰੁਪਏ ’ਚ ਪੇਟ ਭਰ ਖਾਣਾ ਮੁਹੱਈਆ ਕਰਵਾਏ ਜਾਣ ਦੀ ਕੰਟੀਨ ਖੋਲ੍ਹੀ ਗਈ ਹੈ। ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਤੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ ਨੇ ਸਾਂਝੇ ਤੌਰ ’ਤੇ ਕੰਟੀਨ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਰਮੇਸ਼ ਚੰਦਰ ਬਿਢਾਨ, ਐੱਸਡੀਐਮ ਜੈਵੀਰ ਯਾਦਵ, ਸਾਬਕਾ ਚੈਅਰਮੈਨ ਜਗਦੀਸ਼ ਚੋਪੜਾ ਮੌਜੂਦ ਸਨ। ਇਸ ਮੌਕੇ ’ਤੇ ਐਮਪੀ ਸੁਨੀਤਾ ਦੁੱਗਲ ਨੇ ਦੱਸਿਆ ਕਿ ਕਿਸਾਨਾਂ ਤੇ ਮੰਡੀ ਮਜ਼ਦੂਰਾਂ ਨੂੰ ਰਿਆਈਤੀ ਦਰਾਂ ’ਤੇ ਖਾਣਾ ਮੁਹੱਈਆ ਕਰਵਾਏ ਜਾਣ ਲਈ ਸੂਬਾ ਸਰਕਾਰ ਨੇ ਵੱਖ-ਵੱਖ ਮੰਡੀਆਂ ਵਿੱਚ ਅੱਜ ਅਟਲ ਕਿਸਾਨ ਮਜ਼ਦੂਰ ਕੰਟੀਨ ਖੋਲ੍ਹੀਆਂ ਗਈਆਂ ਹਨ। ਮੰਡੀ ਵਿੱਚ ਆਉਣ ਵਾਲੇ ਕਿਸਾਨਾਂ ਤੋਂ ਇਲਾਵਾ ਮੰਡੀ ਮਜ਼ਦੂਰਾਂ ਨੂੰ ਇਨ੍ਹਾਂ ਕੰਟੀਨਾਂ ਤੋਂ ਸਿਰਫ ਦਸ ਰੁਪਏ ਵਿੱਚ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਖਾਣੇ ਵਿੱਚ ਰੋਟੀ, ਦਾਲ, ਚਾਵਲ, ਸਬਜ਼ੀ ਤੇ ਪਾਣੀ ਸ਼ਾਮਲ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਕ ਥਾਲੀ ਦੀ ਕੀਮਤ 25 ਰੁਪਏ ਹੋਵੇਗੀ ਪਰ ਕਿਸਾਨਾਂ ਤੇ ਮਜ਼ਦੂਰਾਂ ਤੋਂ ਸਿਰਫ ਦਸ ਰੁਪਏ ਲਏ ਜਾਣਗੇ। ਬਾਕੀ ਦੇ 15 ਰੁਪਏ ਹਰਿਆਣਾ ਰਾਜ ਮੰਡੀ ਬੋਰਡ ਵੱਲੋਂ ਦਿੱਤੇ ਜਾਣਗੇ।