ਸਤਨਾਮ ਸਿੰਘ
ਸ਼ਾਹਾਦ ਮਾਰਕੰਡਾ, 11 ਦਸੰਬਰ
ਬਾਬੈਨ ਬਲਾਕ ਦੇ ਪਿੰਡਾਂ ਵਿਚ ਲਾਲ ਡੋਰਾ ਵਿਚ ਸਥਿਤ ਲੋਕਾਂ ਦੇ ਮਕਾਨਾਂ,ਪਲਾਟਾਂ ਤੇ ਵਾਰਡਾਂ ਦੀ ਡਰੋਨ ਮੈਪਿੰਗ ਦਾ ਕੰਮ ਪਿੰਡ ਭੈਣੀ ਤੇ ਖਿੜਕੀ ਤੋਂ ਸ਼ੁਰੂ ਹੋ ਗਿਆ ਹੈ। ਇਸ ਦਾ ਅਰੰਭ ਬਲਾਕ ਬਾਬੈਨ ਦੇ ਐੱਸਈਪੀਓ ਸੁਖਦੇਵ ਮੋਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਹੁਕਮਾਂ ਮੁਤਾਬਿਕ ਅੱਜ ਬਲਾਕ ਬਾਬੈਨ ਦੇ ਸਾਰੇ ਪਿੰਡਾਂ ਵਿਚ ਲਾਲ ਡੋਰੇ ਵਿਚ ਸਥਿਤ ਲੋਕਾਂ ਦੇ ਮਕਾਨਾਂ, ਪਲਾਟਾਂ ਤੇ ਵਾਰਡਾਂ ਦੀ ਡਰੋਨ ਮੈਪਿੰਗ ਨਾਲ ਨਿਸ਼ਾਨਦੇਹੀ ਕੀਤੀ ਜਾਵੇਗੀ। ਇਸ ਨਾਲ ਹਰ ਵਿਅਕਤੀ ਦੇ ਰਿਹਾਇਸ਼ੀ ਮਕਾਨ ਤੇ ਵਾੜਿਆਂ ਦੀ ਸਹੀ ਪੈਮਾਇਸ਼ ਦਾ ਪਤਾ ਲੱਗੇਗਾ ਤੇ ਸਰਕਾਰ ਤੋਂ ਮਾਲਿਕਾਨਾ ਹੱਕ ਦਾ ਪ੍ਰਮਾਣ ਪੱਤਰ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਪਲਾਟ ਖਰੀਦਣ ਜਾਂ ਵੇਚਣ ਵਿਚ ਪਾਰਦਰਸ਼ਤਾ ਆਵੇਗੀ। ਜਿਨ੍ਹਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹਨ ਉਨਾਂ ’ਤੇ ਵੀ ਨਕੇਲ ਕੱਸੀ ਜਾਏਗੀ। ਉਨਾਂ ਕਿਹਾ ਕਿ ਡਰੋਨ ਮੈਪਿੰਗ ਹੋਣ ਨਾਲ ਪੰਚਾਇਤਾਂ ਨੂੰ ਪੰਚਾਇਤੀ ਜ਼ਮੀਨ ਤੇ ਛੱਪੜਾਂ ਦੀ ਪੂਰੀ ਪੈਮਾਇਸ਼ ਮਿਲੇਗ । ਮਾਲਿਕਾਨਾ ਹੱਕ ਮਿਲਣ ਨਾਲ ਕੋਈ ਵੀ ਪਿੰਡ ਵਾਸੀ ਬੈਂਕ ਜਾਂ ਕਿਸੇ ਹੋਰ ਸੰਸਥਾ ਤੋਂ ਕਰਜ ਲੈ ਸਕੇਗਾ। ਇਹ ਕੰਮ ਬੀਡੀਪੀਓ, ਤਹਿਸੀਲ ਕਰਮਚਾਰੀਆਂ, ਪਟਵਾਰੀ, ਸਰਪੰਚਾਂ ਤੇ ਪੰਚਾਂ ਦੀ ਦੇਖ ਰੇਖ ਵਿਚ ਹੋਵੇਗਾ।