ਪੱਤਰ ਪ੍ਰੇਰਕ
ਟੋਹਾਣਾ, 25 ਮਈ
ਕਾਂਗਰਸ ਦੇ ਰਾਜ ਸਭਾ ਮੈਂਬਰ ਦੀਪਿੰਦਰ ਹੁੱਡਾ ਨੇ ਅੱਜ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਨੂੰ ਵਜ਼ਾਰਤ ਵਿੱਚੋਂ ਬਰਖ਼ਾਸਤ ਕਰਨਾ ਮੁੱਖ ਮੰਤਰੀ ਭਗਵੰਤ ਮਾਨ ਦੀ ਮਜਬੂਰੀ ਸੀ। ਸ੍ਰੀ ਹੁੱਡਾ ਫਤਿਹਾਬਾਦ ਵਿੱਚ 29 ਮਈ ਨੂੰ ਹੋਣ ਵਾਲੀ ਸੂਬਾ ਪੱਧਰੀ ਰੈਲੀ ਦੀ ਤਿਆਰੀ ਸਬੰਧੀ ਇੱਥੇ ਕਾਂਗਰਸੀ ਵਰਕਰਾਂ ਦੀ ਇਕੱਤਰਤਾ ਕਰ ਰਹੇ ਸਨ। ਇੱਥੇ ਪੁੱਜਣ ’ਤੇ ਸਾਬਕਾ ਖੇਤੀਬਾੜੀ ਮੰਤਰੀ ਪਰਮਵੀਰ ਸਿੰਘ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਨੇ ਰਾਜ ਸਭਾ ਮੈਂਬਰ ਹੁੱਡਾ, ਅਸ਼ੋਕ ਅਰੋੜਾ, ਜ਼ਿਲ੍ਹਾ ਇੰਚਾਰਜ ਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਇੰਦੌਰਾ ਤੇ ਹੋਰ ਨੇਤਾਵਾਂ ਦਾ ਸਵਾਗਤ ਕੀਤਾ। ਹਿਸਾਰ ਰੋੜ ਮੈਦਾਨ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦੀਪਿੰਦਰ ਹੁੱਡਾ ਨੇ ਭਾਜਪਾ ਤੇ ਜਜਪਾ ਦੀ ਸਾਂਝੀ ਸਰਕਾਰ ’ਤੇ ਸੂੁਬੇ ਦੀ ਸੰਪਤੀ ਨੂੰ ਲੁੱਟਣ ਵਿੱਚ ਮੁਕਾਬਲੇਬਾਜ਼ੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੇ ਮੁੱਦਿਆਂ ਨੂੂੰ ਭੁੱਲ ਕੇ ਉਨ੍ਹਾਂ ਤੋਂ ਗਿਣ ਗਿਣ ਕੇ ਬਦਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਤੋਂ ਭਰਤੀ ਬੰਦ ਹੈ, ਮਹਿੰਗਾਈ ਵਧ ਰਹੀ ਹੈ, ਕਣਕ ’ਤੇ ਬੋਨਸ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ, ਸਰਕਾਰ ਨੇ ਭ੍ਰਿਸ਼ਟਾਚਾਰ, ਸਕੂਲਾਂ ਤੇ ਹਸਪਤਾਲਾਂ ਦੀ ਦੁਰਦਸ਼ਾ ਬਾਰੇ ਚੁੱਪ ਧਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਾਰੋਬਾਰੀ ਸੂਬੇ ਵਿੱਚ ਨਿਵੇਸ਼ ਕਰਨ ਤਿਆਰ ਨਹੀਂ ਹੈ। ਦੀਪਿੰਦਰ ਨੇ ਪੰਜਾਬ ਦੇ ਸਿਹਤ ਮੰਤਰੀ ’ਤੇ ਕੇਸ ਦਰਜ ਕਰਨ ’ਤੇ ਟਿੱਪਣੀ ਕੀਤੀ ਕਿ ਮੰਤਰੀ ਦਾ ਵੀਡੀਓ ਵਾਇਰਲ ਹੋਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਜਬੂਰੀ ਵਿੱਚ ਕਾਰਵਾਈ ਕੀਤੀ ਹੈ।