ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 8 ਨਵੰਬਰ
ਭਾਰਤ ਗਰੁੱਪ ਆਫ ਇੰਸਟੀਚਿਊਟ ਪ੍ਰਹਿਲਾਦ ਪੁਰ ਦੇ ਲਾਅ ਵਿਭਾਗ ਦੀ ਐੱਲਐੱਲਐੱਮ ਪਹਿਲੇ ਸਮੈਸਟਰ ਦੀ ਵਿਦਿਆਰਥਣ ਵੱਲੋਂ ਦਿੱਤੀ ਪ੍ਰੀਖਿਆ ਵਿੱਚ ਜੱਜ ਚੁਣੇ ਜਾਣ ’ਤੇ ਕਾਲਜ ਵਿੱਚ ਖੁਸ਼ੀ ਦਾ ਮਾਹੌਲ ਹੈ। ਵਰਸ਼ਾ ਦੀ ਪਹਿਲੀ ਕੋਸ਼ਿਸ਼ ਨਾਲ ਹੀ ਜੱਜ ਦੇ ਆਹੁਦੇ ’ਤੇ ਚੁਣੇ ਜਾਣ ਕਰਕੇ ਕਾਲਜ ਦੇ ਵਿਦਿਆਰਥੀਆਂ ਨੇ ਲੱਡੂ ਵੰਡ ਅਤੇ ਨੱਚ-ਗਾ ਕੇ ਜਸ਼ਨ ਮਨਾਇਆ। ਕਾਲਜ ਵੱਲੋਂ ਉਸ ਦੇ ਸਨਮਾਨ ਵਿਚ ਰੰਗਾਰੰਗ ਪ੍ਰੋਗਰਾਮ ਕਰ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਓਮ ਨਾਥ ਸੈਣੀ, ਵਾਈਸ ਚੇਅਰਮੈਨ ਭਾਰਤ ਸੈਣੀ, ਡਾਇਰੈਕਟਰ ਰੂਬਲ ਸ਼ਰਮਾ, ਤੇ ਪ੍ਰਿੰਸੀਪਲ ਡਾ. ਅਨਿਲ ਕੁਮਾਰ ਨੇ ਵਿਦਿਆਰਥਣ ਨੂੰ ਨਕਦ ਰਾਸ਼ੀ ਤੋਂ ਇਲਾਵਾ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਆਪਣਾ ਅਸ਼ੀਰਵਾਦ ਤੇ ਵਧਾਈ ਦਿੱਤੀ।
ਪ੍ਰਿੰਸੀਪਲ ਡਾ. ਅਨਿਲ ਕੁਮਾਰ ਨੇ ਕਿਹਾ ਕਿ ਵਰਸ਼ਾ ਦੀ ਮਿਹਨਤ ਸਦਕਾ ਕਾਲਜ ਦਾ ਨਾਂ ਸੂਬਾ ਪੱਧਰ ’ਤੇ ਚਮਕਿਆ ਹੈ। ਜ਼ਿਕਰਯੋਗ ਹੈ ਕਿ ਵਿਦਿਆਰਥਣ ਵਰਸ਼ਾ ਇੰਦਰੀ ਦੇ ਪਿੰਡ ਕਲਸੋਰਾ ਦੇ ਸਾਧਾਰਨ ਪਰਿਵਾਰ ਨਾਲ ਸਬੰਧ ਰਖੱਦੀ ਹੈ। ਤਿੰਨ ਭੈਣ ਭਰਾਵਾਂ ’ਚ ਉਹ ਸਭ ਤੋਂ ਵੱਡੀ ਹੈ। ਪਿਤਾ ਦਾ ਸਿਰ ਤੋਂ ਸਾਇਆ ਉਸ ਦੀ ਪੜ੍ਹਾਈ ਦੌਰਾਨ ਹੀ ਉਠ ਗਿਆ ਸੀ। ਉਸ ਦੀ ਮਾਤਾ ਸਵਿਤਾ ਨੇ ਸਖ਼ਤ ਮਿਹਨਤ ਕਰਕੇ ਤਿੰਨੇ ਭੈਣ ਭਰਾਵਾਂ ਨੂੰ ਪੜ੍ਹਾਇਆ। ਪਰਿਵਾਰ ਵਿਚ ਸਭ ਤੋਂ ਵੱਡੀ ਵਰਸ਼ਾ ਨੇ ਸ਼ੁਰੂ ਤੋਂ ਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕਣ ਦਾ ਹੌਸਲਾ ਰੱਖਿਆ ਤੇ ਪਰਿਵਾਰ ਵਿਚ ਮਾੜੀਆਂ ਸਥਿਤੀਆਂ ਦੇ ਬਾਵਜੂਦ ਆਪਣੀ ਪੜ੍ਹਾਈ ਜਾਰੀ ਰੱਖੀ।