ਚੰਡੀਗੜ੍ਹ, 29 ਅਪਰੈਲ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕੁਮਾਰੀ ਸ਼ੈਲਜਾ ਨੂੰ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ’ਤੇ ਅੱਜ ਇੱਥੇ ‘ਲੜਕੀ ਹੂੰ, ਲੜ ਸਕਤੀ ਹੂੰ’ ਨਾਅਰੇ ਦੀ ਵਰਤੋਂ ਕਰਦਿਆਂ ਵਿਰੋਧੀ ਧਿਰ ਨੂੰ ਨਿਸ਼ਾਨੇ ’ਤੇ ਲਿਆ ਹੈ। ਵਿੱਜ ਨੇ ਇੱਕ ਟਵੀਟ ਵਿੱਚ ਕਿਹਾ, ‘‘ਉੱਤਰ ਪ੍ਰਦੇਸ਼ ਵਿੱਚ ‘ਲੜਕੀ ਹੂੰ, ਲੜ ਸਕਤੀ ਹੂੰ’ ਦਾ ਨਾਅਰਾ ਦੇਣ ਵਾਲੀ ਕਾਂਗਰਸ ਹਰਿਆਣਾ ਵਿੱਚ ਕੁਮਾਰੀ ਸ਼ੈਲਜਾ ਨੂੰ ਬਰਦਾਸ਼ਤ ਨਹੀਂ ਕਰ ਸਕੀ ਅਤੇ ਬੇਰੁਖੀ ਨਾਲ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਇਹ ਹੈ ਕਾਂਗਰਸ ਦਾ ਅਸਲੀ ਚਿਹਰਾ, ਜੋ ਕਾਂਗਰਸ ਵਿੱਚ ਮਹਿਲਾਵਾਂ ਦੇ ਸਨਮਾਨ ਨੂੰ ਦਰਸਾਉਂਦਾ ਹੈ। ਕਾਂਗਰਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਵੱਡਾ ਫ਼ਰਕ ਹੈ।’’ ਜ਼ਿਕਰਯੋਗ ਹੈ ਕਿ ਕਾਂਗਰਸ ਨੇ ਬੁੱਧਵਾਰ ਨੂੰ ਸੂਬਾਈ ਇਕਾਈ ਵਿੱਚ ਸੁਧਾਰ ਕਰਦਿਆਂ ਸਾਬਕਾ ਵਿਧਾਇਕ ਅਤੇ ਭੁਪਿੰਦਰ ਸਿੰਘ ਹੁੱਡਾ ਦੇ ਕਰੀਬੀ ਉਦੈ ਭਾਨ ਨੂੰ ਸ਼ੈਲਜਾ ਦੀ ਥਾਂ ਪਾਰਟੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਨੇ ਆਪਣੀ ਹਰਿਆਣਾ ਇਕਾਈ ਵਿੱਚ ਚਾਰ ਕਾਰਜਕਾਰੀ ਪ੍ਰਧਾਨ ਸ਼ਰੁਤੀ ਚੌਧਰੀ, ਰਾਮ ਕਿਸ਼ਨ ਗੁੱਜਰ, ਜੀਤੇਂਦਰ ਕੁਮਾਰ ਭਾਰਦਵਾਜ ਅਤੇ ਸੁਰੇਸ਼ ਗੁਪਤਾ ਨੂੰ ਨਿਯੁਕਤ ਕੀਤਾ ਹੈ। -ਪੀਟੀਆਈ