ਪੀਪੀ ਵਰਮਾ
ਪੰਚਕੂਲਾ, 9 ਜਨਵਰੀ
ਪੰਚਕੂਲਾ ਦੇ ਪੋਲਟਰੀ ਫ਼ਾਰਮਾਂ ਵਿੱਚ ਬਰਡ ਫਲੂ ਕਾਰਨ ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ ਹੋ ਗਿਆ ਹੈ। ਪਸ਼ੂ ਪਾਲਣ ਵਿਭਾਗ ਦੀ ਟੀਮ ਇਥੇ ਪਹੁੰਚੀ ਹੈ। ਪੰਚਕੂਲਾ ਦੇ ਜ਼ਿਲ੍ਹਾ ਪੋਲਟਰੀ ਫ਼ਾਰਮਾਂ ਵਿੱਚ ਬਰਡ ਫਲੂ ਦੇ ਕਾਰਨ ਮੁਰਗੀਆਂ ਮਰੀਆਂ ਸਨ। ਲਾਗ ਨੂੰ ਰੋਕਣ ਲਈ ਪੋਲਟਰੀ ਫਾਰਮਾਂ ਵਿੱਚ ਸ਼ਾਮ ਨੂੰ ਮੁਰਗੀਆਂ ਨੂੰ ਮਾਰਨ ਵਾਸਤੇ ਟੀਮ ਪਹੁੰਚ ਗਈ। ਸਭ ਤੋਂ ਪਹਿਲਾਂ ਇਹ ਕੰਮ ਪੰਚਕੂਲਾ ਜ਼ਿਲ੍ਹੇ ਦੇ ਪਿੰਡ ਖੇੜੀ ਦੇ ਪੋਲਟਰੀ ਫਾਰਮਾਂ ਵਿੱਚ ਸ਼ੁਰੂ ਹੋਇਆ। ਵਰਨਣਯੋਗ ਹੈ ਕਿ ਬਰਵਾਲਾ-ਰਾਏਪੁਰਰਾਣੀ ਇਲਾਕੇ ਦੇ ਪੰਜ ਪੋਲਟਰੀ ਫਾਰਮਾਂ ਵਿੱਚ ਸਭ ਤੋਂ ਵੱਧ ਮੁਰਗੀਆਂ ਮਰੀਆਂ ਸਨ। ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਦੱਸਿਆ ਕਿ ਪੋਲਟਰੀ ਫਾਰਮਾਂ ਦੇ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 15 ਹਜ਼ਾਰ ਪੋਲਟਰੀ ਫਾਰਮਾਂ ਦੇ ਮੁਲਾਜ਼ਮਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਇਹ ਕਾਫੀ ਦਿਨ ਚੱਲੇਗੀ। ਸਿਵਲ ਸਰਜਨ ਨੇ ਦੱਸਿਆ ਕਿ ਬਰਡ ਫਲੂ ਦੀ ਲਾਗ ਇਨਸਾਨਾਂ ਵਿੱਚ ਘੱਟ ਹੀ ਪਹੁੰਚਦੀ ਹੈ ਪਰ ਫਿਰ ਵੀ ਪੋਲਟਰੀ ਫਾਰਮਾਂ ਵਿੱਚ ਕੰਮ ਕਰਨ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਸ ਫਲੂ ਦਾ ਇਨਸਾਨਾਂ ’ਤੇ ਕੋਈ ਅਸਰ ਤਾਂ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸਾਵਧਾਨੀ ਵਰਤਨੀ ਜ਼ਰੂਰੀ ਹੈ। ਇਸ ਲਈ ਚਿਕਨ ਅਤੇ ਅੰਡੇ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।