ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 18 ਜੂਨ
ਇਨੈਲੋ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ ਭਾਜਪਾ-ਜਜਪਾ ਸਰਕਾਰ 600 ਦਿਨ ਪੂਰੇ ਹੋਣ ’ਤੇ ਆਪਣੀਆਂ ਪ੍ਰਾਪਤੀਆਂ ਗਿਣਾ ਰਹੀ ਹੈ ਜਦਕਿ ਹਕੀਕਤ ਇਹ ਹੈ ਕਿ ਇਸ ਗੱਠਜੋੜ ਸਰਕਾਰ ਨੇ ਇਨ੍ਹਾਂ 600 ਦਿਨਾਂ ਵਿਚ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਸ੍ਰੀ ਚੌਟਾਲਾ ਅੱਜ ਸ਼ਹਿਰ ਦੇ ਪੰਚਾਇਤ ਭਵਨ ਵਿਚ ਵਰਕਰਾਂ ਦੀ ਮੀਟਿੰਗ ਲੈਣ ਆਏ ਪੱਤਰਕਾਰਾਂ ਨਾਲ ਗੱਲ-ਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰੀਆਂ ਨੂੰ ਸਰਪ੍ਰਸਤੀ ਹਾਸਲ ਹੈ, ਜਿਸ ਕਰਕੇ ਆਏ ਦਿਨ ਘੁਟਾਲੇ ਹੋ ਰਹੇ ਹਨ। ਸੂਬੇ ਵਿੱਚ ਝੋਨਾ ਘੁਟਾਲਾ, ਸਰ੍ਹੋਂ ਘੁਟਾਲਾ, ਸ਼ਰਾਬ ਘੁਟਾਲਾ, ਕਰੋਨਾ ਦੀਆਂ ਦਵਾਈਆਂ ਆਦਿ ਸਬੰਧੀ ਕਈ ਘੁਟਾਲੇ ਸਾਹਮਣੇ ਆਏ ਹਨ, ਪਰ ਸਰਕਾਰ ਨੇ ਕਿਸੇ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਇਸ ਤੋਂ ਪਹਿਲਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸੰਗਠਨ ਮਜ਼ਬੂਤ ਕਰਨ ਤੇ ਕਿਸਾਨ ਅੰਦੋਲਨ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ।