ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 16 ਸਤੰਬਰ
ਲਾਡਵਾ ਤੋਂ ਕਾਂਗਰਸੀ ਉਮੀਦਵਾਰ ਤੇ ਵਿਧਾਇਕ ਮੇਵਾ ਸਿੰਘ ਨੇ ਕਿਹਾ ਹੈ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਲਾਡਵਾ ਹਲਕੇ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਦਾ ਕੰਮ ਕੀਤਾ ਹੈ। ਸਰਕਾਰ ਵੱਲੋਂ ਕੀਤੀਆਂ ਗਈਆਂ ਘੋਸ਼ਣਾਵਾਂ ਸਿਰਫ਼ ਲਾਰੇ ਹੀ ਨਿਕਲੇ। ਉਨ੍ਹਾਂ ਕਿਹਾ ਕਿ ਖੱਟਰ ਨੇ ਲਾਡਵਾ ਹਲਕੇ ਦੀ ਇਕ ਵੀ ਘੋਸ਼ਣਾ ਨੂੰ ਪੂਰਾ ਨਹੀਂ ਕੀਤਾ। ਪਿਪਲੀ ਵਿੱਚ ਬੱਸ ਸਟੈਂਡ ਤੇ ਖਾਨ ਪੁਰ ਕੋਲੀਆਂ ਵਿੱਚ ਟਰਾਮਾ ਸੈਂਟਰ ਬਣਾਉਣਾ ਵੀ ਝੂਠ ਹੀ ਨਿਕਲਿਆ। ਕਾਂਗਰਸੀ ਉਮੀਦਵਾਰ ਆਪਣਾ ਚੋਣ ਦਫਤਰ ਖੋਲ੍ਹਣ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲਾਡਵਾ ਹਲਕੇ ਵਿਚ ਬਾਈਪਾਸ ਦੀ ਘੋਸ਼ਣਾ, ਪਿਪਲੀ ਵਿੱਚ ਟਰਾਮਾ ਸੈਂਟਰ ਤੇ ਬੱਸ ਸਟੈਂਡ ,ਬਾਬੈਨ ਵਿੱਚ ਲੜਕੀਆਂ ਦਾ ਕਾਲਜ, ਕੁਰੂਕਸ਼ੇਤਰ-ਯਮੁਨਾਨਗਰ ਨੂੰ ਚਹੁੰਮਾਰਗੀ ਬਣਉਣ ਦੇ ਵਾਅਦੇ ਕੀਤੇ ਗਏ ਜੋ ਸਿਰਫ਼ ਕਾਗਜ਼ਾਂ ਤਕ ਹੀ ਸੀਮਤ ਰਹਿ ਗਏ।
ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ 21 ਲੱਖ ਰੁਪਏ ਤਕ ਦੇ ਵਿਕਾਸ ਕਾਰਜਾਂ ਦੀ ਪਾਵਰ ਦੇ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਝੂਠੀ ਸ਼ਲਾਘਾ ਕਰਵਾ ਰਹੇ ਹਨ, ਕਿਉਂਕਿ ਭਾਜਪਾ ਨੇ ਸਰਪੰਚਾਂ ’ਤੇ 5 ਲੱਖ ਰੁਪਏ ਤੋਂ ਜ਼ਿਆਦਾ ਖਰਚੇ ’ਤੇ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਘੋਸ਼ਣਾਵਾਂ ਪੂਰੀਆਂ ਕਰਨ ਦੀ ਮੰਗ ਕੀਤੀ। ਇਸ ਮੌਕੇ ਲਾਡਵਾ ਦੇ ਸਾਬਕਾ ਵਿਧਾਇਕ ਰਮੇਸ਼ ਗੁਪਤਾ, ਜੈ ਪਾਲ ਪੰਚਾਲ, ਸੰਜੀਵ ਭੁਖੜੀ, ਲਾਭ ਸਿੰਘ, ਗੁਰਦੇਵ ਸੂਰਾ, ਯਸ਼ਦੀਪ ਸਾਂਗਵਾਨ, ਸ਼ਾਮ ਸਿੰਘ ਸਾਬਕਾ ਸਰਪੰਚ, ਮਾਨ ਸਿੰਘ ਮੌਜੂਦ ਸਨ।
ਸਾਬਕਾ ਕੌਂਸਲਰ ਆਪਣੇ ਸਮਰਥਕਾਂ ਸਣੇ ਕਾਂਗਰਸ ਵਿੱਚ ਸ਼ਾਮਲ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਾਬਕਾ ਮੰਤਰੀ ਤੇ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਨੇ ਪਿੰਡ ਰਤਨਡੇਰਾ, ਸਿਲਵਰ ਸਿਟੀ ,ਖੇੜੀ ਮਾਰਕੰਡਾ , ਡੀਡੀ ਕਾਲੋਨੀ ਗਊਸ਼ਾਲਾ ਬਾਜ਼ਾਰ, ਕਿਰਮਚ, ਵਿਸ਼ਨੂ ਕਲੋਨੀ ਆਦਿ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਤੇ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਕੌਂਸਲਰ ਹਰਦੀਪ ਸੈਣੀ ਆਪਣੇ ਸਮਰਥਕਾਂ ਨਾਲ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਉਨ੍ਹਾਂ ਭਾਜਪਾ ਉਮੀਦਵਾਰ ਤੇ ਰਾਜ ਮੰਤਰੀ ਸੁਭਾਸ਼ ਸੁਧਾ ’ਤੇ ਵਿਅੰਗ ਕਸੱਦਿਆਂ ਕਿਹਾ ਕਿ ਧਾਰਮਿਕ ਸ਼ਹਿਰ ਕੁਰੂਕਸ਼ੇਤਰ ਨੂੰ ਗੁਲਾਬੀ ਸ਼ਹਿਰ ਬਣਾਉਣ ਦਾ ਦਾਅਵਾ ਕਰਨ ਵਾਲਿਆਂ ਨੇ ਇਸ ਨੂੰ ਬੇਸਹਾਰਾ ਪਸ਼ੂਆਂ ਤੇ ਗੰਦਗੀ ਨਾਲ ਭਰਿਆ ਸ਼ਹਿਰ ਬਣਾ ਦਿੱਤਾ ਹੈ। ਇਸ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਵੱਛਤਾ ਸਰਵੇਖਣ ਵਿਚ ਕੁਰੂਕਸ਼ੇਤਰ ਸਭ ਤੋਂ ਹੇਠਾਂ ਹੈ। ਅਰੋੜਾ ਨੇ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਬਣੀ ਤਾਂ ਕੁਰੂਕਸ਼ੇਤਰ ਨੂੰ ਧਾਰਮਿਕ ਸ਼ਹਿਰ ਵਜੋਂ ਬਹਾਲ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿੱਚ ਬਦਲਾਅ ਦੀ ਲਹਿਰ ਚਲ ਰਹੀ ਹੈ ਤੇ ਥਾਨੇਸਰ ਹਲਕੇ ਵਿਚ ਤਾਂ ਕਾਂਗਰਸ ਦੇ ਹੱਕ ਵਿੱਚ ਹਨੇਰੀ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕ ਪ੍ਰਾਪਰਟੀ ਆਈਡੀ, ਪਰਿਵਾਰਕ ਸ਼ਨਾਖਤੀ ਕਾਰਡ ਤੇ ਐੱਨਡੀਸੀ ਦੀ ਦੁਬਿਧਾ ਵਿੱਚ ਫਸੇ ਹੋਏ ਹਨ। ਥਾਨੇਸਰ ਨਗਰ ਕੌਂਸਲ ਭ੍ਰਿਸ਼ਟਾਚਾਰ ਦਾ ਅੱਡਾ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸ ਦੀ ਸਰਕਾਰ ਬਣੇਗੀ।