ਸਰਬਜੋਤ ਸਿੰਘ ਦੁੱਗਲ / ਸਤਨਾਮ ਸਿੰਘ
ਕੁਰੂਕਸ਼ੇਤਰ/ ਸ਼ਾਹਬਾਦ, 22 ਸਤੰਬਰ
ਇੱਥੇ ਅੱਜ ਭਾਜਪਾ ਉਮੀਦਵਾਰ ਸੁਭਾਸ਼ ਕਲਸਾਨਾ ਨੇ ਭਾਜਪਾ ਮਹਿਲਾ ਮੋਰਚਾ ਵੱਲੋਂ ਕਰਵਾਈ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਸ੍ਰੀ ਕਲਸਾਨਾ ਨੇ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਹੀ ਦੇਸ਼ ਵਿੱਚ ਔਰਤਾਂ ਨੂੰ ਬਣਦਾ ਮਾਣ-ਸਨਮਾਨ ਮਿਲਿਆ ਹੈ, ਜਦੋਂ ਕਿ ਕਾਂਗਰਸ ਦੀ ਸਰਕਾਰ ਵਿੱਚ ਵਿਧਵਾਵਾਂ ਨੂੰ ਹਰ ਸਰਕਾਰੀ ਸਕੀਮ ਤੋਂ ਵਾਂਝਾ ਰੱਖਿਆ ਗਿਆ ਸੀ ਪਰ ਭਾਜਪਾ ਨੇ ਹਰ ਯੋਗ ਔਰਤ ਨੂੰ ਹਰ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ 5 ਅਕਤੂਬਰ ਨੂੰ ਔਰਤਾਂ ਨੂੰ ਵੋਟਿੰਗ ਮਸ਼ੀਨ ’ਤੇ 5 ਨੰਬਰ ਦਾ ਬਟਨ ਦਬਾ ਕੇ 5 ਸਾਲ ਲਈ ਆਪਣਾ ਭਵਿੱਖ ਸੁਰੱਖਿਅਤ ਕਰਨਾ ਚਾਹੀਦਾ ਹੈ। ਮਹਿਲਾ ਮੋਰਚਾ ਦੀ ਮੀਟਿੰਗ ਤੋਂ ਬਾਅਦ ਉਮੀਦਵਾਰ ਸੁਭਾਸ਼ ਕਲਸਾਨਾ ਨੇ ਪਿੰਡ ਛਪਰਾ, ਛਪੜੀ, ਯਾਰਾ, ਹਬਾਣਾ, ਕੱਤਲਾਹੇੜੀ, ਅਹਿਮਦਪੁਰ, ਖਾਨਪੁਰ ਅਤੇ ਪਿੰਡ ਖਰੀਂਡਵਾ ਵਿੱਚ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇੱਥੇ ਕਲਸਾਨਾ ਨੇ ਕਿਹਾ ਕਿ ਅੱਜ ਬਹੁਤੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਮਾੜੀ ਹੈ, ਜਿਸ ਦੀ ਮੁਰੰਮਤ ਕਰਨ ਦੀ ਲੋੜ ਹੈ। ਇਸ ਲਈ ਉਹ ਭਰੋਸਾ ਦਿੰਦੇ ਹਨ ਕਿ ਵਿਧਾਇਕ ਬਣਨ ਤੋਂ ਬਾਅਦ ਉਹ ਹਰ ਪਿੰਡ ਦੀ ਹਰ ਸਮੱਸਿਆ ਦਾ ਹੱਲ ਕਰਨਗੇ। ਕਲਸਾਨਾ ਨੇ ਕਿਹਾ ਕਿ ਮੌਜੂਦਾ ਵਿਧਾਇਕ ਕਿਸੇ ਵੀ ਜਨ ਸਭਾ ਵਿੱਚ ਨਸ਼ਿਆਂ ਖ਼ਿਲਾਫ਼ ਇਕ ਵੀ ਸ਼ਬਦ ਨਹੀਂ ਬੋਲਦੇ, ਜਦਕਿ ਵਿਧਾਨ ਸਭਾ ਦਾ ਹਰ ਵਾਸੀ ਜਾਣਦਾ ਹੈ ਕਿ ਨਸ਼ਾ ਅੱਜ ਸ਼ਾਹਬਾਦ ਦੀ ਮੁੱਖ ਸਮੱਸਿਆ ਹੈ।
ਉਨ੍ਹਾਂ ਕਿਹਾ ਕਿ ਸ਼ਾਹਬਾਦ ਇਲਾਕੇ ਦੀਆਂ ਕਈ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਚੰਡੀਗੜ੍ਹ ਵਿੱਚ ਹੀ ਹੋ ਸਕਦਾ ਹੈ। ਇਸ ਮੌਕੇ ਭਾਜਪਾ ਸੂਬਾਈ ਕਾਰਜਕਾਰਨੀ ਮੈਂਬਰ ਬੀਬੀ ਕਰਤਾਰ ਕੌਰ, ਭਾਜਪਾ ਮਹਿਲਾ ਮੋਰਚਾ ਦੀ ਸੂਬਾਈ ਸਕੱਤਰ ਰੇਖਾ ਵਾਲਮੀਕਿ, ਈਸ਼ਾ ਅਗਰਵਾਲ, ਰਾਜਦੀਪ ਕੌਰ ਬਾਜਵਾ, ਕੇਹਰ ਸਿੰਘ ਸੈਣੀ, ਮਹੇਸ਼ ਭਗਤ, ਕ੍ਰਿਸ਼ਨ ਲਾਲ, ਦੀਪੂ ਜੈਨ, ਮਾਨ ਸਿੰਘ, ਰਾਮ ਕੁਮਾਰ, ਗੌਰਵ, ਰਜਤ, ਸੁਭਾਸ਼, ਰਿਸ਼ੀਪਾਲ, ਕਰਮਜੀਤ, ਸਤੀਸ਼ ਕੁਮਾਰ, ਰਿੰਕੂ ਚਾਹਲ, ਰਜਤ ਜੈਨ, ਲਵਲੀ ਸ਼ਰਮਾ ਅਤੇ ਰਾਜੇਸ਼ ਸ਼ਾਸਤਰੀ ਹਾਜ਼ਰ ਸਨ।
ਭਾਜਪਾ ਉਮੀਦਵਾਰ ਪਵਨ ਸੈਣੀ ਨੂੰ ਕਈ ਥਾਈਂ ਲੱਡੂਆਂ ਨਾਲ ਤੋਲਿਆ
ਨਰਾਇਣਗੜ੍ਹ (ਫਰਿੰਦਰ ਪਾਲ ਗੁਲਿਆਣੀ): ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਪਵਨ ਸੈਣੀ ਨੇ ਨਰਾਇਣਗੜ੍ਹ ਦੇ ਪਿੰਡ ਕੋਡਵਾ, ਰਾਏਵਾਲੀ, ਭੜੋਗ, ਗਾਜ਼ੀਪੁਰ ਅਤੇ ਹੋਰ ਪਿੰਡਾਂ ਦਾ ਦੌਰਾ ਕੀਤਾ| ਉਨ੍ਹਾਂ 5 ਅਕਤੂਬਰ ਨੂੰ ਭਾਜਪਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਹਰ ਪਿੰਡ ਪਹੁੰਚਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਕਈ ਪਿੰਡਾਂ ਵਿੱਚ ਸ੍ਰੀ ਸੈਣੀ ਨੂੰ ਲੱਡੂਆਂ ਨਾਲ ਤੋਲਿਆ ਗਿਆ| ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਨੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਹੈ ਅਤੇ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ ਹਨ ਅਤੇ ਭਾਜਪਾ 36 ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਹਰ ਪਿੰਡ ਵਿੱਚ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ, ਉਸ ਤੋਂ ਸਾਫ਼ ਹੈ ਕਿ ਕੇਵਲ ਨਰਾਇਣਗੜ੍ਹ ਵਿੱਚ ਹੀ ਕਮਲ ਦਾ ਫੁੱਲ ਨਹੀਂ ਖਿੜੇਗਾ ਸਗੋਂ ਪੂਰੇ ਸੂਬੇ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਇਸ ਮੌਕੇ ਸੰਜੀਵ ਸੰਗਰਾਣੀ, ਸੁਰਿੰਦਰ ਰਾਣਾ, ਰਾਕੇਸ਼ ਬਿੰਦਲ, ਰਾਜੇਸ਼ ਬਟੋਰਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।