ਪ੍ਰਭੂ ਦਿਆਲ
ਸਿਰਸਾ, 21 ਅਗਸਤ
ਸੰਸਦ ਮੈਂਬਰ ਦੀਪਿੰਦਰ ਹੁੱਡਾ ਨੇ ਕਿਹਾ ਕਿ ਭਾਜਪਾ ਸਰਕਾਰ ਦੱਸੇ ਕਿ ਉਸ ਕੋਲ ਅਜਿਹੀ ਕਿਹੜੀ ਸ਼ਮੀਨ ਹੈ ਜੋ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੇ ਕਾਲੇ ਧਨ ਨੂੰ ਸਫੈਦ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਕਾਲਾ ਧਨ ਦੇਸ਼ ਵਿੱਚ ਵਾਪਸ ਲਿਆਉਣ ਦੀ ਬਜਾਏ ਭਾਜਪਾ ਕਾਲੇ ਧੰਨ ਵਾਲਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ ਅਤੇ ਵਿਰੋਧੀਆਂ ਖ਼ਿਲਾਫ਼ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਅੱਜ ਇੱਥੇ ਕਾਂਗਰਸੀ ਆਗੂ ਹੁਸ਼ਿਆਰੀ ਲਾਲ ਸ਼ਰਮਾ ਦੀ ਪਹਿਲੀ ਬਰਸੀ ਮੌਕੇ ਕਰਵਾਏ ਸ਼ਰਧਾਂਜ਼ਲੀ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸੰਸਦ ਮੈਂਬਰ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਦਾ ਯੁਵਾ ਮੋਰਚਾ, ਮਹਿਲਾ ਮੋਰਚਾ ਹੈ, ਉਸੇ ਤਰ੍ਹਾਂ ਇਸ ਦੇ ਤਿੰਨ ਹੋਰ ਮੋਰਚੇ ਵੀ ਹਨ ਜੋ ਇਨ੍ਹਾਂ ਨਾਲੋਂ ਵੀ ਜ਼ਿਆਦਾ ਕੰਮ ਕਰ ਰਹੇ ਹਨ। ਉਹ ਮੋਰਚੇ ਹਨ ਈਡੀ, ਸੀਬੀਆਈ ਤੇ ਆਮਦਨ ਟੈਕਸ। ਇਹ ਤਿੰਨੋਂ ਹੋਰਾਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਰਕਾਰ ਹਰ ਮੋਰਚੇ ’ਤੇ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਕਿਸਾਨ ਤੋਂ ਲੈ ਕੇ ਮਜ਼ਦੂਰ, ਵਪਾਰੀ ਤੇ ਕਰਮਚਾਰੀ ਵਰਗ ਇਸ ਤੋਂ ਪ੍ਰੇਸ਼ਾਨ ਹੈ। ਹਰਿਆਣਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਅਪਰਾਧ ਵਿੱਚ ਨੰਬਰ ਇਕ ’ਤੇ ਹੈ।