ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਗਸਤ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਾਨੰਤਰ ਭਾਰਤੀ ਜਨਤਾ ਪਾਰਟੀ ਵੱਲੋਂ ਹਰਿਆਣਾ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਹਿਸਾਰ ਅਤੇ ਗੁਰੂਗ੍ਰਾਮ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਹਿਸਾਰ ਵਿਚ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਦੀ ਅਗਵਾਈ ਹੇਠ ਤਿਰੰਗਾ ਯਾਤਰਾ ਨਿਕਲੀ ਜਿਸ ਦਾ ਵਿਧਾਇਕ ਡਾ. ਕਮਲ ਗੁਪਤਾ ਨੇ ਸਵਾਗਤ ਕੀਤਾ। ਇਸੇ ਤਰ੍ਹਾਂ ਭਾਜਪਾ ਆਗੂ ਰਾਮ ਕੁਮਾਰ ਦੀ ਅਗਵਾਈ ਹੇਠ ਇੰਦਰੀ ਵਿੱਚ ਤਿਰੰਗਾ ਯਾਤਰਾ ਕੱਢੀ ਗਈ। ਇਹ ਯਾਤਰਾ ਇੰਦਰੀ ਦੇ ਰੈਸਟ ਹਾਊਸ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਦੇ ਬੁੱਤ ਤੱਕ ਕੱਢੀ ਗਈ।
ਭਾਜਪਾ ਆਗੂਆਂ ਵੱਲੋਂ ਟਰੈਕਟਰਾਂ ਨੂੰ ਤਿਰੰਗਿਆਂ ਨਾਲ ਸਜਾ ਕੇ ਇਹ ਯਾਤਰਾ ਕੱਢੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਦਾ ਸੂਬੇ ’ਚ ਵਿਰੋਧ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਭਾਜਪਾ ਦੀ ਤਿਰੰਗਾ ਯਾਤਰਾ ’ਚ ਅੜਿੱਕੇ ਨਾ ਪਾਉਣ ਦਾ ਐਲਾਨ ਕੀਤਾ ਹੋਇਆ ਹੈ। ਇਸ ਕਾਰਨ ਤਿਰੰਗਾ ਯਾਤਰਾ ਸੁਚਾਰੂ ਰੂਪ ਨਾਲ ਕੱਢੀ ਜਾ ਰਹੀ ਹੈ।