ਪੀਪੀ ਵਰਮਾ
ਪੰਚਕੂਲਾ, 29 ਜੂਨ
ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੰਚਕੂਲਾ ਵਿੱਚ 90 ਵਿਧਾਨ ਸਭਾ ਹਲਕਿਆਂ ਦੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰ ਕੇ ਤੀਜੀ ਵਾਰ ਸੂਬੇ ’ਚ ਸਰਕਾਰ ਬਣਾਏਗੀ। ਉਨ੍ਹਾਂ ਇਸ ਮੌਕੇ ਐਲਾਨ ਕੀਤਾ ਕਿ ਭਾਜਪਾ ਦਾ ਮੁੱਖ ਉਦੇਸ਼ ਹਰਿਆਣਾ ’ਚ ਜਿੱਤ ਹਾਸਲ ਕਰਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਹਰਿਆਣਾ ਵਿੱਚ ਤੀਸਰੀ ਚੋਣ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਲੜੇਗੀ, ਜਿਸ ਬਾਰੇ ਪਾਰਟੀ ਨੇ ਫੈਸਲਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਬਾਰੇ ਚਿੰਤਨ ਵੀ ਕਰਨਾ ਹੈ ਕਿ ਹਰਿਆਣਾ ਵਿੱਚ ਲੋਕ ਸਭਾ ਦੀਆਂ 10 ਸੀਟਾਂ ’ਚੋਂ 5 ਸੀਟਾਂ ਹੀ ਕਿਉਂ ਆਈਆਂ। ਗ੍ਰਹਿ ਮੰਤਰੀ ਨੇ ਕਿਹਾ ਕਿ ਵਰਕਰ ਆਪਣੇ ਗਿਲੇ ਸ਼ਿਕਵੇ ਅਤੇ ਧੜੇਬੰਦੀ ਨੂੰ ਦੂਰ ਕਰਨ ਅਤੇ ਹਰਿਆਣਾ ਵਿੱਚ ਤੀਸਰੀ ਵਾਰ ਸਰਕਾਰ ਬਣਾਉਣ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਝੂਠ ਨੇ ਭਾਜਪਾ ਦਾ ਨੁਕਸਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਹ ਆਪਣੀ ਰਣਨੀਤੀ ਬਣਾਉਣਗੇ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਲੋਕ ਸਭਾ ਮੈਂਬਰ ਨਵੀਨ ਜਿੰਦਲ, ਲੋਕ ਸਭਾ ਮੈਂਬਰ ਕਾਰਤਿਕ ਸ਼ਰਮਾ, ਵਿਧਾਇਕ ਮੋਹਨ ਲਾਲ ਬੜੌਲੀ, ਸਪੀਕਰ ਗਿਆਨ ਚੰਦ ਗੁਪਤਾ, ਹਰਿਆਣਾ ਦੇ ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਕੈਬਨਿਟ ਮੰਤਰੀ ਡਾ. ਕਵਲ ਗੁਪਤਾ, ਭਾਜਪਾ ਦੇ ਕੌਮੀ ਸਕੱਤਰ ਓਪੀ ਧਨਖੜ, ਪੰਚਕੂਲਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ ਅਤੇ ਕਈ ਹੋਰ ਭਾਜਪਾ ਨੇਤਾ ਸ਼ਾਮਲ ਸਨ।
ਹਰਿਆਣਾ ਵਿਚ 50 ਏਕੜ ਵਿੱਚ ਫੋਰੈਂਸਿਕ ਵਿਗਿਆਨ ਟਰੇਨਿੰਗ ਇੰਸਟੀਚਿਊਟ ਵੀ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਹਰਿਆਣਾ ਸਰਕਾਰ ਅਤੇ ਰਾਸ਼ਟਰੀ ਫੋਰੈਂਸਿਕ ਵਿਗਿਆਨ ਯੂਨੀਵਰਸਿਟੀ ਗਾਂਧੀ ਨਗਰ, ਗੁਜਰਾਤ ਵਿਚਕਾਰ ਸਮਝੌਤੇ (ਐੱਮਓਯੂ) ’ਤੇ ਦਸਤਖ਼ਤ ਕੀਤੇ ਗਏ। ਅਮਿਤ ਸ਼ਾਹ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਇਸ ਕੇਂਦਰ ਦੀ ਯੋਜਨਾ ਦੇ ਦੌਰਾਨ ਇੱਥੇ ਇੱਕ ਟਰੇਨਿੰਗ ਇੰਸਟੀਚਿਊਟ ਸਥਾਪਤ ਕਰਨ ’ਤੇ ਧਿਆਨ ਦਿੱਤਾ ਗਿਆ। ਇਸ ਦੇ ਨਾਲ-ਨਾਲ ਇੱਥੇ ਇੱਕ ਹੋਸਟਲ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਪੁਲੀਸ ਦੇ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਦੇ ਪੰਚਕੂਲਾ ਪਹੁੰਚਣ ’ਤੇ ਸੁਰੱਖਿਆ ਸਖ਼ਤ ਕੀਤੀ ਗਈ ਅਤੇ 800 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ।