ਏਲਨਾਬਾਦ:
ਪਿੰਡ ਤਲਵਾੜਾ ਖੁਰਦ ਵਿੱਚ ਬਿਜਲੀ ਸਪਲਾਈ ਦੇ ਸਵੇਰੇ-ਸ਼ਾਮ ਲਗਾਏ ਜਾਣ ਵਾਲੇ ਕੱਟਾਂ ਤੋਂ ਪ੍ਰੇਸ਼ਾਨ ਹੋ ਕੇ ਅੱਜ ਸਰਪੰਚ ਪ੍ਰਤੀਨਿਧੀ ਅਤੇ ਭਾਜਪਾ ਵਰਕਰ ਭੀਮਸੇਨ ਸਾਈਂ ਨੇ ਏਲਨਾਬਾਦ ਦੇ ਬਿਜਲੀ ਘਰ ਅੱਗੇ ਸਵੇਰੇ 11 ਵਜੇ ਤੋਂ 3 ਵਜੇ ਤੱਕ ਸੰਕੇਤਕ ਧਰਨਾ ਲਾ ਕੇ ਬਿਜਲੀ ਸਪਲਾਈ ਠੀਕ ਕਰਨ ਦੀ ਮੰਗ ਕੀਤੀ। ਭੀਮਸੇਨ ਸਾਈਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀਆਂ ਢਾਣੀਆਂ ਨੂੰ ਚਾਰ ਫੀਡਰਾਂ ਤੋਂ ਬਿਜਲੀ ਸਪਲਾਈ ਹੁੰਦੀ ਹੈ। ਜਿਸ ਵਿੱਚ ਸਵੇਰੇ-ਸ਼ਾਮ ਦੋ-ਦੋ ਘੰਟੇ ਦੇ ਕੱਟ ਲੱਗਦੇ ਹਨ ਪਰ ਉਸ ਸਮੇਂ ਬਿਜਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ 21 ਨਵੰਬਰ ਤੱਕ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ। ਵਿਭਾਗ ਦੇ ਐੱਸਡੀਓ ਸੰਦੀਪ ਗੋਦਾਰਾ ਨੇ ਕਿਹਾ ਕਿ ਉਹ ਮੰਗ ਪੱਤਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜਣਗੇ। ਇਸ ਤਹਿਤ ਕਮੇਟੀ ਜੋ ਵੀ ਫੈਸਲਾ ਲਵੇਗੀ, ਉਹ ਬਿਜਲੀ ਸਪਲਾਈ ਦੇ ਦੇਣਗੇ। -ਪੱਤਰ ਪ੍ਰੇਰਕ