ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 20 ਨਵੰਬਰ
ਨਰ ਨਰਾਇਣ ਸੇਵਾ ਸਮਿਤੀ ਵੱਲੋਂ ਪਿੰਡ ਕਿਸ਼ਨਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 41 ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਜਰਸੀਆਂ ਵੰਡੀਆਂ ਗਈਆਂ। ਸਮਿਤੀ ਦੇ ਸੰਸਥਾਪਕ ਚੇਅਰਮੈਨ ਮੁਨੀਸ਼ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੇ ਅਧਿਆਪਕ ਰਾਹੀਂ ਪਤਾ ਲੱਗਿਆ ਸੀ ਕਿ ਸਕੂਲ ਵਿੱਚ ਪੜ੍ਹਨ ਵਾਲੇ ਕਾਫੀ ਅਜਿਹੇ ਬੱਚੇ ਹਨ ਜਿਨ੍ਹਾਂ ਕੋਲ ਸਰਦੀਆਂ ਵਿੱਚ ਪਾਉਣ ਲਈ ਜਰਸੀਆਂ ਤੇ ਬੂਟ ਨਹੀਂ। ਇਸ ਕਾਰਨ ਸਮਿਤੀ ਨੇ ਤੁਰੰਤ ਉਨ੍ਹਾਂ ਸਾਰੇ 41 ਵਿਦਿਆਰਥੀਆਂ ਨੂੰ ਜਰਸੀਆਂ ਤੇ ਬੂਟ ਵੰਡਣ ਦਾ ਫ਼ੈਸਲਾ ਕੀਤਾ। ਸਮਿਤੀ ਦੇ ਹਰੀਸ਼ ਵਿਰਮਾਨੀ ਨੇ ਦੱਸਿਆ ਕਿ ਸਰਦੀ ਸ਼ੁਰੂ ਹੁੰਦੇ ਹੀ ਜਿਵੇਂ ਉਨ੍ਹਾਂ ਅਜਿਹੇ ਲੋੜਵੰਦ ਬੱਚਿਆਂ ਦਾ ਪਤਾ ਲਗਦਾ ਹੈ ਤਾਂ ਸਮਿਤੀ ਵੱਲੋਂ ਤੁਰੰਤ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਸਮਿਤੀ ਦੇ ਪ੍ਰਾਜੈਕਟ ਚੇਅਰਮੈਨ ਸਤਪਾਲ ਭਾਟੀਆ ਤੇ ਸੰਸਥਾਪਕ ਮੁਨੀਸ਼ ਭਾਟੀਆ ਨੇ ਕਿਹਾ ਕਿ ਇਸ ਤੋਂ ਇਲਾਵਾ ਸਮਿਤੀ ਵੱਲੋਂ ਵਿਦਿਆਰਥੀਆਂ ਨੂੰ ਸਟੇਸ਼ਨਰੀ ਤੇ ਡਰੈੱਸ ਆਦਿ ਦੀ ਮਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਸਮਿਤੀ ਦੇ ਕਾਰਜ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਸਮਿਤੀ ਵੱਲੋਂ ਇਸ ਦੇ ਨਾਲ ਹੀ ਹੋਰ ਕਈ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ । ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕ ਸੁਸ਼ਮਾ ਰਾਣੀ, ਹਰੀਸ਼ ਮੁੰਜਾਲ, ਸੰਜੇ ਸ਼ਰਮਾ, ਪ੍ਰਵੀਣ ਕੁਮਾਰ, ਵੰਦਨਾ ਤੇ ਨਰ ਨਰਾਇਣ ਸੇਵਾ ਸਮਿਤੀ ਦੇ ਕਰਨੈਲ ਸਿੰਘ ਸਤਪਾਲ ਭਾਟੀਆ, ਹਰੀਸ਼ ਵਿਰਮਾਨੀ, ਅਮਿਤ ਕਾਲੜਾ, ਧਰਮਬੀਰ ਨਰਵਾਲ ਮੌਜੂਦ ਸਨ।