ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਦਸੰਬਰ
ਇਥੇ ਚੋਰਾਂ ਨੇ ਦਿਨ ਦਿਹਾੜੇ ਮਾਜਰੀ ਮੁੱਹਲਾ ਤੋਂ ਇਕ ਘਰ ਦੇ ਤਾਲੇ ਤੋੜ ਕੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ ਹੈ। ਚੋਰਾਂ ਨੇ ਇਸ ਘਟਨਾ ਨੂੰ ਪੰਜ ਘੰਟੇ ਵਿੱਚ ਅੰਜਾਮ ਦਿੱਤਾ।
ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਮਕਾਨ ਮਾਲਕ ਜਤਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਇਕ ਰਸਮ ਕ੍ਰਿਆ ਵਿੱਚ ਸ਼ਾਮਲ ਹੋਣ ਲਈ ਕਰੀਬ ਦਿਨ ਦੇ 12 ਵਜੇ ਗਏ ਸਨ। ਸ਼ਾਮ ਨੂੰ ਜਦ ਉਹ 6 ਵਜੇ ਵਾਪਿਸ ਆਏ ਤਾਂ ਬਾਹਰਲਾ ਦਰਵਾਜ਼ਾ ਖੋਲ੍ਹਣ ਲੱਗੇ ਤਾਂ ਦੇਖਿਆ ਕਿ ਅੰਦਰ ਤੋਂ ਕੁੰਡੀ ਲੱਗੀ ਹੋਈ ਸੀ ਜਦ ਉਸ ਦਾ ਲੜਕਾ ਗੁਰਸ਼ੇਰ ਸਿੰਘ ਦਰਵਾਜ਼ੇ ਦੇ ਉਪਰੋਂ ਲੰਘ ਕੇ ਅੰਦਰ ਵੜਿਆ ਤਾਂ ਦੇਖਿਆ ਕਿ ਬੈੱਡ ਰੂਮ ਦੇ ਨਾਲ ਸਟੋਰ ਰੂਮ ਦਾ ਦਰਵਾਜ਼ਾ ਬੰਦ ਸੀ ਤੇ ਤਾਲਾ ਟੁੱਟਾ ਹੋਇਆ ਸੀ। ਉਨ੍ਹਾਂ ਅੰਦਰ ਆ ਕੇ ਦੇਖਿਆ ਤਾਂ ਲੋਹੇ ਦੀਆਂ ਦੋਵੇਂ ਪੇਟੀਆਂ ਦਾ ਸਾਮਾਨ ਖਿੱਲਰਿਆ ਪਿਆ ਸੀ ਤੇ ਜਿਸ ਵਿੱਚ ਪਰਿਵਾਰ ਤੇ ਸੱਸ ਸਹੁਰੇ ਦੇ ਸੋਨੇ ਚਾਂਦੀ ਦੇ ਗਹਿਣੇ ਪਏ ਸਨ। ਸ਼ਿਕਾਇਤ ਵਿੱਚ ਕਿਹਾ ਹੈ ਕਿ ਅਣਪਛਾਤੇ ਵਿਅਕਤੀਆਂ ਨੇ ਛੱਤ ਰਾਹੀਂ ਘਰ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਚੋਰ ਲੱਗਪੱਗ 50 ਤੋਲੇ ਸੋਨਾ, 750 ਗਰਾਮ ਚਾਂਦੀ ਤੇ 40 ਹਜ਼ਾਰ ਰੁਪਏ ਨਕਦ ਚੋਰੀ ਕਰ ਕੇ ਲਏ ਗਏ ਹਨ। ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਤੇ ਪੁਲੀਸ ਮੌਕੇ ’ਤੇ ਪੁੱਜੀ ਤੇ ਪੁੱਛ ਪੜਤਾਲ ਕੀਤੀ। ਸੀਨ ਆਫ ਕਰਾਈਮ ਦੀ ਟੀਮ ਸੰਜੇ ਕੁਮਾਰ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੀ ਤੇ ਸਬੂਤ ਇੱਕਠੇ ਕੀਤੇ।