ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ
ਹਰਿਆਣਾ ਵਿੱਚ ਗੱਠਜੋੜ ਸਰਕਾਰ ਦੇ ਦੂਜੇ ਬਜਟ ਇਜਲਾਸ ਦੇ ਅੱਠਵੇਂ ਦਿਨ ਵਿਧਾਇਕਾਂ ਨੇ ਸੂਬੇ ਵਿੱਚ ਸਿਹਤ ਸਹੂਲਤਾਂ ਵਿੱਚ ਸੁਧਾਰ ਅਤੇ ਮੈਡੀਕਲ ਕਾਲਜ ਖੋਲ੍ਹਣ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਭਾਰਿਆ। ਵਿਧਾਇਕ ਹਰਵਿੰਦਰ ਕਲਿਆਣਾ ਨੇ ਕਿਹਾ ਕਿ ਘੜੌਂਦਾ ਵਿੱਚ ਕੋਈ ਵੱਡਾ ਹਸਪਤਾਲ ਨਹੀਂ ਹੈ ਅਤੇ ਜਿਹੜਾ ਸਿਹਤ ਕੇਂਦਰ ਹੈ ਉਹ 30 ਬਿਸਤਰਿਆਂ ਦਾ ਹੈ। ਉਥੇ ਡਾਕਟਰਾਂ ਦੀ ਬਹੁਤ ਘਾਟ ਹੈ। ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਸਬ ਡਿਵੀਜ਼ਨ ਪੱਧਰ ’ਤੇ ਚੱਲ ਰਹੇ ਸਮੂਦਾਇਕ ਸਹਿਤ ਕੇਦਰਾਂ ਨੂੰ ਅਪਗ੍ਰੇਡ ਕਰਕੇ 30 ਬਿਸਤਰਿਆਂ ਤੋਂ 50 ਬਿਸਤਰਿਆਂ ਦਾ ਕੀਤਾ ਜਾਵੇਗਾ। ਜਦਕਿ 50 ਬਿਜਤਰਿਆਂ ਵਾਲੇ ਸਿਹਤ ਕੇਂਦਰ ਨੂੰ 100 ਬਿਸਤਰਿਆਂ ਦਾ ਕੀਤਾ ਜਾਵੇਗਾ।
ਵਿਧਾਇਕ ਡਾ. ਕਮਲ ਗੁਪਤਾ ਨੇ ਕਿਹਾ ਸੂਬਾ ਸਰਕਾਰ ਹਿਸਾਰ ਨੂੰ ਸਮਾਰਟ ਸਿਟੀ ਬਣਾਉਣ ਜਾ ਰਹੀ ਹੈ। ਇਸ ਲਈ ਹਿਸਾਰ ਵਿੱਚੋਂ ਬਿਜਲੀ ਦੀਆਂ ਤਾਰਾਂ ਨੂੰ ਭੂਮੀਗਤ ਕਰ ਦਿੱਤਾ ਜਾਵੇ। ਜਿਸ ’ਤੇ ਬਿਜਲੀ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਗੁਰੂਗ੍ਰਾਮ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਬਿਜਲੀ ਵੰਡ ਪ੍ਰਣਾਲੀ ਵਿੱਚ ਜ਼ਮੀਨਦੋਜ਼ ਤਾਰਾਂ ਵਿਛਾਉਣ ਲਈ 1600 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਗਈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਅੰਬਾਲਾ ਜ਼ਿਲ੍ਹੇ ਵਿੱਚ ਸਥਿਤ ਸਾਹਾ ਕਸਬਾ ਵਿੱਚ ਰਾਜ ਦਾ ਦੂਜਾ ਤਕਨਾਲੋਜੀ ਕੇਂਦਰ ਸਥਾਪਤ ਕੀਤਾ ਜਾਵੇਗਾ। ਇਸ ਲਈ 20 ਏਕੜ ਜ਼ਮੀਨ ਅਧਿਗ੍ਰਹਿਤ ਕਰ ਕੇ ਕੇਂਦਰ ਸਰਕਾਰ ਨੂੰ ਮਤਾ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪਿੰਡਾਂ ਦੀਆਂ ਚੌਪਾਲਾ ਨੂੰ ਕਮਿਊਨਿਟੀ ਕੇਂਦਰ ਬਣਾਉਣ ਦਾ ਐਲਾਨ ਕੀਤਾ।
10 ਮਹੀਨਿਆਂ ਵਿੱਚ 510 ਨਾਜਾਇਜ਼ ਕਲੋਨੀਆਂ ਬਣੀਆਂ
ਵਿਧਾਇਕ ਭਾਰਤ ਭੂਸ਼ਨ ਬੱਤਰਾ ਨੇ ਕਿਹਾ ਕਿ ਸੂਬੇ ਵਿੱਚ ਨਾਜਾਇਜ਼ ਕਲੋਨੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ’ਤੇ ਹਰਿਆਣਾ ਸਰਕਾਰ ਦੇ ਅਧਿਕਾਰੀ ਨੇ ਦੱਸਿਆ ਕਿ ਪਹਿਲੀ ਫਰਵਰੀ 2020 ਤੋਂ 31 ਦਸੰਬਰ 2020 ਤੱਕ ਸੂਬੇ ਵਿੱਚ 510 ਨਾਜਾਇਜ਼ ਕਲੋਨੀਆਂ ਬਣੀਆ ਸੀ। ਜਿਸ ਵਿੱਚੋਂ 502 ਨੂੰ ਢਾਹ ਦਿੱਤਾ। ਜਦਕਿ 572 ਨੂੰ ਨੋਟਿਸ ਜਾਰੀ ਕਰਕੇ 213 ਖ਼ਿਲਾਫ਼ ਕੇਸ ਦਰਜ ਕੀਤਾ ਹੈ।