ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ, 3 ਜੂਨ
ਮੁੱਖ ਅੰਸ਼
- ਨਰਾਇਣਗੜ੍ਹ ਤੋਂ ਦਿੱਲੀ ਰੂਟ ਬੰਦ
- ਕਾਲਕਾ, ਅੰਬਾਲਾ ਸ਼ਹਿਰ, ਅੰਬਾਲਾ ਕੈਂਟ ਤੇ ਸਢੋਰਾ ਲਈ ਅਰੰਭ
ਨਰਾਇਣਗੜ੍ਹ ਦੇ ਹਰਿਆਣਾ ਰੋਡਵੇਜ਼ ਸਬ-ਡਿੱਪੂ ਤੋਂ ਅੱਜ ਪੰਜ ਰੂਟਾਂ ਲਈ ਬੱਸਾਂ ਨੂੰ ਅੰਬਾਲਾ ਦੇ ਟਰੈਫਿਕ ਪ੍ਰਬੰਧਕ ਸੰਜੈ ਰਾਵਲ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਉਂਜ ਤਾਂ ਹੈੱਡ ਆਫ਼ਿਸ ਤੋਂ ਛੇ ਰੂਟਾਂ ’ਤੇ ਬੱਸਾਂ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਦਿੱਲੀ ਨੂੰ ਛੱਡ ਕੇ ਹਾਲੇ ਪੰਜ ਰੂਟਾਂ ਚੰਡੀਗੜ੍ਹ, ਕਾਲਕਾ, ਅੰਬਾਲਾ ਸ਼ਹਿਰ, ਅੰਬਾਲਾ ਕੈਂਟ ਤੇ ਸਢੋਰਾ ਲਈ ਬੱਸਾਂ ਚਲਾਈ ਗਈਆਂ ਹਨ।
ਸੰਜੈ ਰਾਵਲ ਨੇ ਕਿਹਾ ਕਿ ਸਟਾਫ਼ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਬੱਸਾਂ ਵਿੱਚ 30-35 ਤੋਂ ਵੱਧ ਯਾਤਰੂਆਂ ਨੂੰ ਨਾ ਬਿਠਾਇਆ ਜਾਵੇ ਅਤੇ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਦੂਰੀ ਦੇ ਚੱਲਦਿਆਂ ਬੱਸਾਂ ਵਿੱਚ ਘੱਟ ਸਵਾਰੀ ਬਿਠਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਸਵਾਰੀ ਹਾਲੇ ਘੱਟ ਸੀ ਅਤੇ ਜਿਵੇਂ-ਜਿਵੇਂ ਲੋਕ ਜਾਗਰੂਕ ਹੋਣਗੇ ਤਾਂ ਯਾਤਰੂ ਵਧਣ ਤੇ ਹੋਰ ਬੱਸਾਂ ਚਲਾ ਦਿੱਤੀ ਜਾਣਗੀਆਂ।
ਉਨ੍ਹਾਂ ਕਿਹਾ ਕਿ ਇੱਥੇ ਸਬ-ਡਿੱਪੂ ਵਿੱਚ ਬੱਸਾਂ ਦੀ ਬੁਕਿੰਗ ਲਈ ਆਨਲਾਈਨ ਸਹੂਲਤ ਨਹੀਂ ਹੈ ਅਤੇ ਟਿਕਟ ਰਾਹੀਂ ਹੀ ਬੱਸਾਂ ਚਲਾਈਆਂ ਜਾ ਰਹੀਆਂ ਹਨ। ਇਸ ਮੌਕੇ ਤੇ ਡਿਊਟੀ ਇੰਸਪੈਕਟਰ ਰਵਿੰਦਰ ਕੁਮਾਰ, ਅਨਿਲ ਕੁਮਾਰ, ਅੱਡਾ ਇੰਚਾਰਜ ਅਸ਼ੋਕ ਪੁਣੀਆ, ਜੈ ਪਾਲ, ਪਰਮਜੀਤ ਸਿੰਘ, ਪ੍ਰਿਥਵੀ ਸਿੰਘ ਅਤੇ ਤਲਵਿੰਦਰ ਸਿੰਘ ਹਾਜ਼ਰ ਸਨ।