ਪੱਤਰ ਪ੍ਰੇਰਕ
ਕੁਰੂਕਸ਼ੇਤਰ, 11 ਜੁਲਾਈ
ਕੁਰੂਕਸ਼ੇਤਰ ਦੀ ਪਵਿੱਤਰ ਧਰਤੀ ’ਤੇ ਬਾਬਾ ਮੱਖਣ ਸ਼ਾਹ ਲੁਬਾਣਾ ਤੇ ਬਾਬਾ ਲੱਖੀ ਸ਼ਾਹ ਵਣਜਾਰਾ ਦੀ ਜੈਅੰਤੀ ਮਨਾਈ ਗਈ ਅਤੇ ਇਸ ਸਬੰਧੀ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਸਰਕਾਰ ਪਿੱਛੜਾ ਵਰਗ ਕਮਿਸ਼ਨ ਨੂੰ ਨਵੇਂ ਸਿਰੇ ਤੋਂ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਦੀ ਰਾਜਧਾਨੀ ਲੋਹਗੜ੍ਹ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਬਾਬਾ ਲੱਖੀ ਸ਼ਾਹ ਵਣਜਾਰਾ ਦੇ ਨਾਂਅ ਦੀ ਵੀ ਇੱਥੇ ਵਿਵਸਥਾ ਯਕੀਨੀ ਬਣਾਈ ਜਾਵੇਗੀ। ਖੱਟਰ ਨੇ ਐਲਾਨ ਕੀਤਾ ਕਿ ਨਗਰ ਪਾਲਿਕਾ ਕੁਰੂਕਸ਼ੇਤਰ ਵਿਚ ਕਮਿਊਨਿਟੀ ਸੈਂਟਰ ਨੂੰ ਲੱਖੀ ਸ਼ਾਹ ਵਣਜਾਰਾ ਦੇ ਨਾਂਅ ’ਤੇ ਬਣਾਇਆ ਜਾਵੇਗਾ। ਉਨ੍ਹਾਂ ਨੇ ਲੁਬਾਣਾ ਭਵਨ ਲਈ ਥਾਂ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਘੁਮੰਤੂ ਜਾਤੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਇਨ੍ਹਾਂ ਦੇ ਪਰਿਵਾਰਾਂ ਦੇ ਪਛਾਣ-ਪੱਤਰ ਬਣਾਏ ਗਏ ਹਨ। ਹੁਣ ਇਨ੍ਹਾਂ ਨੂੰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਅਤੇ ਸੇਵਾਵਾਂ ਦਾ ਲਾਭ ਪਰਿਵਾਰ ਪਛਾਣ-ਪੱਤਰ ਰਾਹੀਂ ਮਿਲੇਗਾ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਖੇਡ ਰਾਜ ਮੰਤਰੀ ਸੰਦੀਪ ਸਿੰਘ, ਸੰਸਦ ਮੈਂਬਰ ਨਾਇਬ ਸਿੰਘ ਸੈਣੀ, ਵਿਧਾਇਕ ਸੁਭਾਸ਼ ਸੁਧਾ, ਹਰਵਿੰਦਰ ਕਲਿਆਣ, ਰਾਮਕੁਮਾਰ ਕਸ਼ਯਪ, ਸਾਬਕਾ ਮੰਤਰੀ ਕਰਣ ਦੇਵ ਕੰਬੋਜ, ਕ੍ਰਿਸ਼ਨ ਬੇਦੀ, ਵਣਜਾਰਾ ਸਮਾਜ ਦੇ ਸੂਬਾ ਚੇਅਰਮੈਨ ਕਿਸ਼ੋਰੀ ਲਾਲ, ਲੁਬਾਣਾ ਸਮਾਜ ਦੇ ਵਾਈਸ ਚੇਅਰਮੈਨ ਹਰਜੋਤ ਸਿੰਘ ਆਦਿ ਮੌਜੂਦ ਸਨ।