ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਹਰਿਆਣਾ ਦੇ ਵਿਧਾਨ ਸਭਾ ਹਲਕਾ ਆਦਮਪੁਰ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਭਵਿਆ ਬਿਸ਼ਨੋਈ ਨੇ ਅੱਜ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਸ ਮੌਕੇ ਭਾਜਪਾ ਉਮੀਦਵਾਰ ਦੇ ਪਿਤਾ ਕੁਲਦੀਪ ਬਿਸ਼ਨੋਈ ਅਤੇ ਕਈ ਕੈਬਨਿਟ ਮੰਤਰੀ ਵੀ ਹਾਜ਼ਰ ਰਹੇ। ਦੂਜੇ ਪਾਸੇ ਕਾਂਗਰਸ ਪਾਰਟੀ ਨੇ ਮੁੜ ਜੈ ਪ੍ਰਕਾਸ਼ ਨੂੰ ਤੇ ਆਮ ਆਮ ਆਦਮੀ ਪਾਰਟੀ ਵੱਲੋਂ ਸਤਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਵਿਆ ਦੀ ਜਾਇਦਾਦ ਪਿਛਲੇ ਤਿੰਨ ਸਾਲਾਂ ਵਿੱਚ 7 ਗੁਣਾ ਵੱਧ ਗਈ ਹੈ। ਭਵਿਆ ਕੋਲ ਆਪਣੀ ਕੋਈ ਗੱਡੀ ਨਹੀਂ ਹੈ ਤੇ ਉਸ ਖ਼ਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਆਮਦਨ ਕਰ ਦਾ ਇਕ ਕੇਸ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਓਮ ਪ੍ਰਕਾਸ਼ ਧਨਖੜ, ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਭਾਜਪਾ ਮਾਮਲਿਆਂ ਦੇ ਇੰਚਾਰਜ ਬੀਪਲਵ ਕੁਮਾਰ ਦੇਵ, ਰਾਓ ਇੰਦਰਜੀਤ ਸਿੰਘ, ਕ੍ਰਿਸ਼ਨਪਾਲ ਗੁੱਜਰ, ਰਤਨ ਲਾਲ ਕਟਾਰੀਆ, ਜੇਪੀ ਦਲਾਲ, ਅਨਿਲ ਵਿੱਜ, ਕੈਪਟਨ ਅਭਿਮਨੀਯੂ, ਸੰਦੀਪ ਸਿੰਘ, ਨਾਇਬ ਸਿੰਘ ਸੈਣੀ ਤੇ ਸੰਜੈ ਭਾਟੀਆ ਸਣੇ 36 ਸੀਨੀਅਰ ਆਗੂ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਨਗੇ। ਦੂਜੇ ਪਾਸੇ ਕਾਂਗਰਸੀ ਉਮੀਦਵਾਰ ਜੈ ਪ੍ਰਕਾਸ਼ ਇਸ ਤੋਂ ਪਹਿਲਾਂ ਤਿੰਨ ਵਾਰ ਸੰਸਦ ਮੈਂਬਰ ਅਤੇ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਵਿਦਿਆਰਥੀ ਚੋਣਾਂ ਰਾਹੀਂ ਕੀਤੀ ਸੀ। ਜੈ ਪ੍ਰਕਾਸ਼ ਨੇ 1989 ਵਿੱਚ ਪਹਿਲੀ ਵਾਰ ਲੋਕਦਲ ਵੱਲੋਂ ਲੋਕ ਸਭਾ ਹਲਕਾ ਹਿਸਾਰ ਤੋਂ ਚੋਣ ਲੜੀ ਤੇ ਜਿੱਤ ਹਾਸਲ ਕੀਤੀ। ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਆਦਮਪੁਰ ਜ਼ਿਮਨੀ ਚੋਣ ਲਈ ਵੋਟਿੰਗ 3 ਨਵੰਬਰ ਨੂੰ ਹੋਵੇਗੀ ਤੇ ਵੋਟਾਂ ਦੀ ਗਿਣਤੀ 6 ਨਵੰਬਰ ਨੂੰ ਹੋਵੇਗੀ।