ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਅਗਸਤ
ਹਰਿਆਣਾ ਵਿੱਚ ਜ਼ਿਲ੍ਹਾ ਕਰਨਾਲ ਦੇ ਪਿੰਡ ਦੱਦੂਪੁਰ ਦੇ ਡਿੱਪੂ ਧਾਰਕ ਦਿਨੇਸ਼ ਕੁਮਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਤਿਰੰਗਾ ਝੰਡਾ ਖਰੀਦਣ ਦਾ ਦਬਾਅ ਬਣਾਏ ਜਾਣ ’ਤੇ ਹਰਿਆਣਾ ਸਰਕਾਰ ਨੇ ਉਕਤ ਡਿੱਪੂ ਧਾਰਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਦੀ ਪੁਸ਼ਟੀ ਕਰਨਾਲ ਦੇ ਡੀਸੀ ਅਨੀਸ਼ ਯਾਦਵ ਨੇ ਕੀਤੀ ਹੈ। ਦੱਸਣਯੋਗ ਹੈ ਕਿ ਕੇਂਦਰ ਦੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਸਰਕਾਰੀ ਡਿਪੂਆਂ ਦੀ ਡਿਊਟੀ ਤਿਰੰਗਾ ਘਰ-ਘਰ ਪਹੁੰਚਾਉਣ ਦੀ ਲਾਈ ਗਈ ਹੈ। ਸਰਕਾਰੀ ਅਦਾਰੇ ਲੋਕਾਂ ਤੋਂ 20 ਤੋਂ 25 ਰੁਪਏ ਦਾ ਭੁਗਤਾਨ ਕਰਵਾ ਕੇ ਤਿਰੰਗਾ ਦੇ ਰਹੇ ਹਨ। ਇਸ ਸਬੰਧੀ ਜਬਰੀ ਤਿਰੰਗਾ ਵੇਚੇ ਜਾਣ ਦਾ ਮੁੱਦਾ ਕਾਂਗਰਸ ਪਾਰਟੀ ਨੇ ਹਰਿਆਣਾ ਵਿਧਾਨ ਸਭਾ ’ਚ ਚੁੱਕਦਿਆਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਰਾਸ਼ਨ ਡਿਪੂਆਂ ਰਾਹੀਂ ਲੋਕਾਂ ਨੂੰ ਤਿਰੰਗਾ ਲੈਣ ਲਈ ਮਜਬੂਰ ਕਰਨਾ ਗਲਤ ਹੈ।