ਪੱਤਰ ਪ੍ਰੇਰਕ
ਯਮੁਨਾਨਗਰ, 4 ਜੁਲਾਈ
ਛਛਰੌਲੀ ਥਾਣਾ ਖੇਤਰ ਦੇ ਇੱਕ ਪਿੰਡ ’ਚ ਇਕ ਨਾਬਾਲਗ ਲੜਕੀ ਦੀ ਸਿਆਣਪ ਕਾਰਨ ਉਸ ਦਾ ਬਾਲ ਵਿਆਹ ਹੋਣ ਤੋਂ ਬਚਾ ਹੋ ਗਿਆ। ਜਾਣਕਾਰੀ ਮੁਤਾਬਕ ਥਾਣਾ ਖੇਤਰ ’ਚ ਇਕ ਮਾਂ ਨੇ ਪੈਸਿਆਂ ਦੇ ਲਾਲਚ ’ਚ ਆਪਣੀ ਨਾਬਾਲਗ ਲੜਕੀ ਦਾ ਵਿਆਹ ਅੱਧਖੜ ਉਮਰ ਦੇ ਵਿਅਕਤੀ ਨਾਲ ਤੈਅ ਕਰ ਦਿੱਤਾ ਸੀ। ਜਦੋਂ ਪੀੜਤ ਲੜਕੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਹਿਮਾਚਲ ਪ੍ਰਦੇਸ਼ ਰਹਿੰਦੇ ਆਪਣੇ ਤਾਏ ਨੂੰ ਫ਼ੋਨ ’ਤੇ ਜਾਣਕਾਰੀ ਦੇ ਦਿੱਤਾ ਜਿਸ ’ਤੇ ਤਾਏ ਨੇ ਮੌਕੇ ’ਤੇ ਪਹੁੰਚ ਕੇ ਵਿਆਹ ਨੂੰ ਰੋਕ ਦਿੱਤਾ। ਬਾਅਦ ਵਿੱਚ ਨਾਬਾਲਗ ਲੜਕੀ ਦੀ ਸ਼ਿਕਾਇਤ ਤੇ ਪੁਲੀਸ ਨੇ ਜਾਂਚ ਕਰਨ ਤੋਂ ਬਾਅਦ ਬੱਚੀ ਦੀ ਮਾਤਾ ਤਸੂਬਰ, ਪਿੰਡ ਮਲਿਕਪੁਰ ਖਾਦਰ ਵਾਸੀ ਹੁਸਨ ਬਾਨੋ, ਜੈਧਰ ਵਾਸੀ ਬੁਸ਼ਰਾ ਅਤੇ ਗੁੰਮਥਲਾ ਵਾਸੀ ਕੰਮੋ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੜਕੇ ਵਾਲਿਆਂ ਤੋਂ ਵਿਆਹ ਲਈ ਮੋਟੀ ਰਕਮ ਲਈ ਸੀ।