ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 22 ਦਸੰਬਰ
ਭਾਜਪਾ ਆਗੂਆਂ ਵੱਲੋਂ ਰੱਖੀ ਭੁੱਖ ਹੜਤਾਲ ਦੌਰਾਨ ਭੋਜਨ ਕਰਨ ਦੀ ਵੀਡੀਓ ਬਣਾਉਣ ਵਾਲੇ ਪੱਤਰਕਾਰ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਮਾਮਲੇ ’ਤੇ ਪੱਤਰਕਾਰ ਭਾਈਚਾਰੇ ਵੱਲੋਂ ਅੱਜ ਐੱਸਐੱਸਪੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ ਅਤੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ। ਪੱਤਰਕਾਰਾਂ ਨੇ ਜ਼ਿਲ੍ਹਾ ਪੁਲੀਸ ਕਪਤਾਨ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਤੇ ਕਰੀਬ ਚਾਰ ਘੰਟੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਦੇ ਇਸ ਧਰਨੇ ਨੂੰ ਵੱਖ ਵੱਖ ਜਥੇਬੰਦੀਆਂ ਨੇ ਵੀ ਪੂਰਾ ਸਮਰਥਨ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 24 ਦਸੰਬਰ ਤਕ ਪੱਤਰਕਾਰ ਖ਼ਿਲਾਫ਼ ਝੂਠਾ ਮੁਕੱਦਮਾ ਵਾਪਸ ਨਾ ਲਿਆ ਗਿਆ ਤਾਂ ਉਹ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕੁਰੂਕਸ਼ੇਤਰ ਵਿਚ ਹੋਣ ਵਾਲੇ ਪ੍ਰੋਗਰਾਮਾਂ ਦਾ ਵਿਰੋਧ ਕਰਨਗੇ।
ਦੂਜੇ ਪਾਸੇ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਅਸ਼ੋਕ ਅਰੋੜਾ ਨੇ ਮੀਡੀਆ ਨੂੰ ਧਮਕਾਉਣ ਤੇ ਕੁਰੂਕਸ਼ੇਤਰ ਦੇ ਇਕ ਪੱਤਰਕਾਰ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਭਾਜਪਾ ਆਗੂ ਤਾਨਾਸ਼ਾਹੀ ਰਵੱਈਆ ਅਪਣਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਵੱਲੋਂ ਪੱਤਰਕਾਰਾਂ ਦੇ ਸੰਘਰਸ਼ ਦਾ ਸਮਰਥਨ ਕਰਦੇ ਹਨ। ਅਰੋੜਾ ਨੇ ਕਿਹਾ ਕਿ ਪੱਤਰਕਾਰ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਸੰਸਦ ਨਾਇਬ ਸਿੰਘ ਸੈਣੀ ਤੇ ਵਿਧਾਇਕ ਸੁਭਾਸ਼ ਸੁਧਾ ਦੇ 19 ਦਸੰਬਰ ਦੀ ਹੜਤਾਲ ਦੀ ਪੋਲ ਖੋਲ੍ਹੀ ਸੀ। ਪੱਤਰਕਾਰ ਵੱਲੋਂ ਜਾਰੀ ਵੀਡੀਓ ਵਿੱਚ ਸੰਸਦ ਤੇ ਵਿਧਾਇਕ ਵੱਲੋਂ ਹੜਤਾਲ ਦੇ ਐਲਾਨ ਦੇ ਬਾਵਜੂਦ ਹੈਵੀ ਬਰੇਕ ਫਾਸਟ ਕਰਦੇ ਵਿਖਾਇਆ ਗਿਆ ਸੀ। ਇਸ ਤੋਂ ਖਫਾ ਪੱਤਰਕਾਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਅਰੋੜਾ ਨੇ ਕਿਹਾ ਕਿ ਭਾਜਪਾ ਆਗੂ ਹੰਕਾਰ ਵਿੱਚ ਡੁੱਬੇ ਹੋਏ ਹਨ ਤੇ ਲੋਕਤੰਤਰ ਦੇ ਚੌਥੇ ਥੰਮ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਮੀਡੀਆ ਨੂੰ ਵੀ ਨਿਆਂ ਲੈਣ ਲਈ ਸੜਕਾਂ ’ਤੇ ਉਤਰਨਾ ਪੈ ਰਿਹਾ ਹੈ।