ਪੱਤਰ ਪ੍ਰੇਰਕ
ਰਤੀਆ, 16 ਅਕਤੂਬਰ
ਪਿੰਡ ਲਧੂਵਾਸ ਵਿਚ ਉਸਾਰੀ ਅਧੀਨ ਸ਼ੈਲਰ ਦੇ ਬਾਹਰ ਪਈ ਬਜਰੀ ਕਾਰਨ ਹੋਈ ਸੜਕ ਦੁਰਘਟਨਾ ਦੇ ਮਾਮਲੇ ਨੂੰ ਲੈ ਕੇ ਪੁਲੀਸ ਨੇ ਜ਼ਖ਼ਮੀ ਹੋਏ ਮੋਟਰਸਾਇਕਲ ਸਵਾਰ ਦੇ ਪੁੱਤਰ ਪਾਰਸ ਗਰਗ ਵਾਸੀ ਮਹਿਮਦਕੀ ਦੀ ਸ਼ਿਕਾਇਤ ’ਤੇ ਸਬੰਧਤ ਸ਼ੈਲਰ ਮਾਲਕ ਖਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਖ਼ੁਦ ਪੰਜਾਬ ਵਿਚ ਟਾਇਰਾਂ ਦੀ ਦੁਕਾਨ ਕਰਦਾ ਹੈ ਜਦੋਂਕਿ ਉਨ੍ਹਾਂ ਪਿੰਡ ਲਧੂਵਾਸ ਵਿਚ ਕਿਸਾਨ ਅਮਰਜੀਤ ਸਿੰਘ ਦੀ ਜ਼ਮੀਨ ਠੇਕੇ ’ਤੇ ਲੈ ਰੱਖੀ ਹੈ। ਉਨ੍ਹਾਂ ਦੱਸਿਆ ਕਿ ਬੀਤੀ 7 ਅਕਤੂਬਰ ਨੂੰ ਕਰੀਬ 7 ਵਜੇ ਉਸ ਦੇ ਪਿਤਾ ਧਰਮਪਾਲ ਖੇਤ ਤੋਂ ਮੋਟਰਸਾਈਕਲ ਰਾਹੀਂ ਘਰ ਵਾਪਸ ਆ ਰਹੇ ਸਨ। ਉਹ ਜਦੋਂ ਦੀਵਾਨ ਚੰਦ ਦੇ ਸ਼ੈੱਲਰ ਕੋਲ ਪਹੁੰਚੇ ਤਾਂ ਉੱਥੇ ਸ਼ੈਲਰ ਦਾ ਉਸਾਰੀ ਕਾਰਜ ਚੱਲ ਰਿਹਾ ਸੀ ਅਤੇ ਸ਼ੈੱਲਰ ਮਾਲਕ ਨੇ ਸੜਕ ਦੇ ਵਿਚਕਾਰ ਹੀ ਬਜਰੀ ਆਦਿ ਦੇ ਢੇਰ ਲਗਾ ਰੱਖੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਬਜਰੀ ਕਾਰਨ ਹੀ ਉਸ ਦੇ ਪਿਤਾ ਦਾ ਮੋਟਰਸਾਈਕਲ ਤਿਲਕ ਕੇ ਡਿੱਗ ਗਿਆ। ਇਸ ਕਾਰਨ ਉਸ ਦੇ ਪਿਤਾ ਨੂੰ ਗੰਭੀਰ ਸੱਟਾਂ ਆਈਆਂ ਅਤੇ ਉਹ ਬੇਹੋਸ਼ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੂਚਨਾ ਮਿਲਣ ਉਪਰੰਤ ਉਹ ਮੌਕੇ ’ਤੇ ਪਹੁੰਚਿਆ ਤੇ ਆਪਣੇ ਪਿਤਾ ਨੂੰ ਫਤਿਆਬਾਦ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਾਲਤ ਗੰਭੀਰ ਹੋਣ ’ਤੇ ਉਨ੍ਹਾਂ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਜੇ ਤਕ ਬੇਹੋਸ਼ ਹਨ। ਉਨ੍ਹਾਂ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਇਹ ਦੁਰਘਟਨਾ ਸ਼ੈੱਲਰ ਮਾਲਕ ਵੱਲੋਂ ਸੜਕ ਦੇ ਵਿਚਕਾਰ ਗ਼ਲਤ ਤਰੀਕੇ ਨਾਲ ਬਜਰੀ ਆਦਿ ਦਾ ਢੇਰ ਲਗਾਉਣ ਕਾਰਨ ਹੋਈ ਹੈ। ਪੁਲੀਸ ਨੇ ਸ਼ੈੱਲਰ ਮਾਲਕ ਦੀਵਾਨ ਚੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।