ਰਤਨ ਸਿੰਘ ਢਿੱਲੋਂ
ਅੰਬਾਲਾ, 25 ਅਕਤੂਬਰ
ਕਰਵਾ ਚੌਥ ਮੌਕੇ ਛਾਉਣੀ ਦੇ ਨਾਲ ਲਗਦੇ ਪਿੰਡ ਬੋਹ ਵਿੱਚ ਸਿੱਖ ਨੌਜਵਾਨ ਫੁਲਜੀਤ ਸਿੰਘ ਚੀਮਾ ਨੇ ਮਰਹੂਮ ਢਾਡੀ ਦਇਆ ਸਿੰਘ ਦਿਲਬਰ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਫਾਰਵਰਡ ਕਰ ਦਿੱਤੀ, ਜਿਸ ਨੂੰ ਲੋਕਾਂ ਨੇ ਹਿੰਦੂ ਦੇਵੀ-ਦੇਵਤਿਆਂ ਦਾ ਅਪਮਾਨ ਦੱਸਦਿਆਂ ਵਿਰੋਧ ਕੀਤਾ। ਹਾਲਾਂਕਿ ਨੌਜਵਾਨ ਨੇ ਪੰਚਾਇਤ ਵਿੱਚ ਮੁਆਫ਼ੀ ਮੰਗ ਲਈ ਤੇ ਵੀਡੀਓ ਵੀ ਡਿਲੀਟ ਕਰ ਦਿੱਤੀ ਸੀ, ਪਰ ਰਾਤ 11.30 ਵਜੇ ਦੇ ਕਰੀਬ ਢਾਈ-ਤਿੰਨ ਸੌ ਲੋਕਾਂ ਨੇ ਇਕੱਠੇ ਹੋ ਕੇ ਇੱਟਾਂ ਵੱਟਿਆਂ ਨਾਲ ਨੌਜਵਾਨ ਦੇ ਘਰ ’ਤੇ ਹਮਲਾ ਕਰ ਦਿੱਤਾ ਤੇ ਉਸ ਦੀ ਕਾਰ ਵੀ ਭੰਨ ਦਿੱਤੀ। ਨੌਜਵਾਨ ਨੇ ਕੰਧ ਟੱਪ ਕੇ ਆਪਣੀ ਜਾਨ ਬਚਾਈ। ਪੁਲੀਸ ਨੇ ਨੌਜਵਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਲਿਆ ਹੈ। ਅੱਜ ਨੌਜਵਾਨ ਦੀ ਗ੍ਰਿਫ਼ਤਾਰੀ ਸਬੰਧੀ ਲੋਕਾਂ ਨੇ ਸਿਵਲ ਹਸਪਤਾਲ ਨੇੜੇ ਅੰਬਾਲਾ-ਜਗਾਧਰੀ ਮਾਰਗ ’ਤੇ ਜਾਮ ਲਾ ਦਿੱਤਾ। ਸੂਚਨਾ ਮਿਲਦੇ ਹੀ ਡੀਐੱਸਪੀ ਰਾਮ ਕੁਮਾਰ ਤੇ ਐੱਸਐੱਚਓ ਸਦਰ ਵਿਜੈ ਕੁਮਾਰ ਪੁਲੀਸ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ। ਵਿਸ਼ਵ ਹਿੰਦੂ ਪਰਿਸ਼ਦ ਦੇ ਸੰਗਠਨ ਸਕੱਤਰ ਵਿਕਾਸ ਬਿਸ਼ਨੋਈ ਨੇ ਕਿਹਾ ਕਿ ਇਕ ਵਿਅਕਤੀ ਵੱਲੋਂ ਮਾਤਾ ਦੁਰਗਾ ਖ਼ਿਲਾਫ਼ ਜੋ ਟਿੱਪਣੀ ਕੀਤੀ ਗਈ ਹੈ, ਉਹ ਬੇਹੱਦ ਨਿੰਦਣਯੋਗ ਹੈ। ਦੂਜੇ ਪਾਸੇ ਅੱਜ ਸਿੱਖ ਸਮਾਜ ਦੇ ਪ੍ਰਤੀਨਿਧੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਐੱਸਪੀ ਜਸ਼ਨਦੀਪ ਸਿੰਘ ਰੰਧਾਵਾ ਨੂੰ ਮਿਲੇ ਤੇ ਨੌਜਵਾਨ ’ਤੇ ਜਾਨ ਲੇਵਾ ਹਮਲਾ ਕਰਕੇ ਉਸ ਦੇ ਘਰ ਤੇ ਗੱਡੀ ਦੀ ਭੰਨ-ਤੋੜ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ। ਨੌਜਵਾਨ ਦੇ ਪਰਿਵਾਰਕ ਮੈਂਬਰ ਲਖਬੀਰ ਸਿੰਘ ਨੇ ਇਸ ਸਬੰਧੀ ਐੱਸਪੀ ਨੂੰ ਕੁਝ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ, ਜਿਨ੍ਹਾਂ ਦੀ ਅਗਵਾਈ ਹੇਠ ਉਕਤ ਹਮਲਾ ਕੀਤਾ ਗਿਆ ਸੀ।