ਪੱਤਰ ਪ੍ਰੇਰਕ
ਯਮੁਨਾਨਗਰ, 27 ਜੂਨ
ਸਢੌਰਾ ਥਾਣਾ ਅਧੀਨ ਪੈਂਦੇ ਇੱਕ ਪਿੰਡ ਵਿੱਚ ਨੌਜਵਾਨ ਨੇ 10ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ ਨਾਲ ਜਬਰ-ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਪੀੜਤ ਦੀ ਇਤਰਾਜ਼ਯੋਗ ਫੋਟੋ ਖਿੱਚ ਲਈ ਤੇ ਉਸ ਨੂੰ ਬਲੈਕਮੇਲ ਵੀ ਕੀਤਾ ਗਿਆ। ਇੰਨਾ ਹੀ ਨਹੀਂ ਮੁਲਜ਼ਮ ਨੇ ਪੀੜਤ ਦੀ ਸੋਨੇ ਦੀ ਮੁੰਦਰੀ ਅਤੇ ਸੋਨੇ ਦੀ ਵਾਲੀਆਂ ਵੀ ਖੋਹ ਲਈਆਂ। ਪੁਲੀਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਢੌਰਾ ਥਾਣਾ ਅਧੀਨ ਪੈਂਦੇ ਪਿੰਡ ਵਾਸੀ ਮਹਿਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 14 ਸਾਲਾ ਲੜਕੀ 10ਵੀਂ ਜਮਾਤ ਦੀ ਵਿਦਿਆਰਥਣ ਹੈ। 15 ਦਸੰਬਰ 2021 ਨੂੰ ਪਿੰਡ ਦੇ ਹੀ ਨੌਜਵਾਨ ਨੇ ਉਸ ਨੂੰ ਵਰਗਲਾ ਕੇ ਜਬਰ-ਜਨਾਹ ਕੀਤਾ। ਇਸ ਦੌਰਾਨ ਮੁਲਜ਼ਮ ਨੇ ਉਸ ਦੀ ਅਸ਼ਲੀਲ ਫੋਟੋ ਖਿੱਚ ਲਈ। ਮੁਲਜ਼ਮ ਵੱਲੋਂ ਤੰਗ ਕਰਨ ’ਤੇ ਉਸ ਦੀ ਲੜਕੀ ਪ੍ਰੇਸ਼ਾਨ ਰਹਿਣ ਲੱਗੀ। ਉਸ ਨੇ ਜਦੋਂ ਲੜਕੀ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਘਟਨਾ ਬਾਰੇ ਪੂਰੀ ਜਾਣਕਾਰੀ ਦੇ ਦਿੱਤੀ।