ਟ੍ਰਿਬਿਊਨ ਨਿਊਜ਼ ਸਰਵਿਸ
ਪੰਚਕੂਲਾ, 22 ਅਗਸਤ
ਪੰਜੌਰ ਵਿੱਚ ਇਕ ਘਰ ਵਿੱਚ ਦਾਖ਼ਲ ਹੋ ਕੇ ਦੋ ਔਰਤਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਹਰਿਆਣਾ ਪੁਲੀਸ ਦੇ ਵਿਵਾਦਤ ਆਈ ਜੀ ਹੇਮੰਤ ਕਲਸਨ ਖਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ। ਦੋਨਾਂ ਘਟਨਾਵਾਂ ਪੰਜੌਰ ਸ਼ਹਿਰ ਦੇ ਰੱਤਪੁਰ ਕਲੋਨੀ ਵਿੱਚ ਵਾਪਰੀਆਂ ਹਨ। ਕਲਸਨ ਖਿਲਾਫ਼ ਪਹਿਲਾ ਕੇਸ ਧਾਰਾ 323 ਅਤੇ 452 ਤਹਿਤ ਜਦੋਂ ਕਿ ਦੂਜਾ ਕੇਸ ਧਾਰਾ 323, 452, 509 ਅਤੇ 510 ਤਹਿਤ ਦਰਜ ਕੀਤਾ ਗਿਆ ਹੈ। ਪਹਿਲੇ ਕੇਸ ਵਿੱਚ ਸ਼ਿਕਾਇਤਕਰਤਾ ਔਰਤ ਨੇ ਦੋਸ਼ ਲਾਇਆ ਕਿ ਕਲਸਨ ਜ਼ਬਰਦਸਤੀ ਉਸ ਦੇ ਘਰ ਵਿੱਚ ਦਾਖਲ ਹੋਏ ਅਤੇ ਉਸ ਦੀ ਧੀ ਦੀ ਕੁੱਟਮਾਰ ਕੀਤੀ। ਔਰਤ ਨੇ ਘਟਨਾ ਦੀ ਵੀਡੀਓ ਵੀ ਬਣਾਈ ਹੈ। ਦੂਜੇ ਮਾਮਲੇ ਵਿੱਚ ਇਕ ਵਿਅਕਤੀ ਨੇ ਦੋਸ਼ ਲਾਇਆ ਕਿ ਕਲਸਨ ਨੇ ਉਸ ਦੀ ਪਤਨੀ ਨਾਲ ਧੱਕਾਮੁੱਕੀ ਕੀਤੀ ਅਤੇ ਉਸ ਨੂੰ ਗਾਲ੍ਹਾ ਕੱਢੀਆਂ। ਉਸ ਵੱਲੋਂ ਦਖ਼ਲ ਦੇਣ ’ਤੇ ਕਲਸਨ ਨੇ ਉਸ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।