ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 20 ਸਤੰਬਰ
ਦੈਨਿਕ ਭਾਸਕਰ ਦੇ ਪੱਤਰਕਾਰ ਸੁਨੀਲ ਬਰਾੜ ਨੂੰ ਅਜੇ ਸ਼ਨਿਚਰਵਾਰ ਨੂੰ ਜ਼ਮਾਨਤ ਮਿਲੀ ਹੀ ਸੀ ਕਿ ਬੀਤੇ ਦਿਨ ਪੁਲੀਸ ਨੇ ਉਸ ਖ਼ਿਲਾਫ਼ ਦੂਜਾ ਕੇਸ ਦਰਜ ਕਰ ਕੇ ਬਿਨਾਂ ਕਿਸੇ ਜਾਂਚ ਉਸ ਨੂੰ ਭਾਸਕਰ ਦੇ ਦਫ਼ਤਰ ਵਿੱਚੋਂ ਚੁੱਕ ਲਿਆ। ਪਹਿਲੇ ਕੇਸ ਵਿੱਚ ਪੁਲੀਸ ਦੀ ਹੋਈ ਕਿਰਕਿਰੀ ਤੋਂ ਨਸੀਹਤ ਲੈਂਦਿਆਂ ਇਸ ਵਾਰ ਪੁਲੀਸ ਨੇ ਰਾਤ ਨੂੰ ਥਾਣੇ ਵਿੱਚ ਹੀ ਕੱਚੀ ਜ਼ਮਾਨਤ ਦੇ ਦਿੱਤੀ। ਹੁਣ ਪੁਲੀਸ ਨੇ ਨਗਰ ਪਰਿਸ਼ਦ ਅੰਬਾਲਾ ਸਦਰ ਵਿੱਚ ਤਾਇਨਾਤ ਨਿੱਜੀ ਸਹਾਇਕ ਵਿਕਰਮ ਕਤਿਆਲ ਦੀ ਸ਼ਿਕਾਇਤ ’ਤੇ ਪੱਤਰਕਾਰ ਖ਼ਿਲਾਫ਼ ਧਾਰਾ 385/500 ਅਤੇ 506 ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤ ਵਿੱਚ ਨਗਰ ਪਰਿਸ਼ਦ ਦੇ ਈਓ ਦੇ ਪੀਏ ਵਿਕਰਮ ਕਤਿਆਲ ਨੇ ਦੋਸ਼ ਲਾਇਆ ਕਿ ਪੱਤਰਕਾਰ ਨੇ ਦਫ਼ਤਰ ਵਿੱਚ ਆ ਕੇ ਉਸ ਨਾਲ ਬਦਸਲੂਕੀ ਕਰਦਿਆਂ ਨਾਜਾਇਜ਼ ਮੰਗ ਕੀਤੀ। ਇਸ ਸਬੰਧੀ 30 ਜੁਲਾਈ ਨੂੰ ਉਸ ਨੇ ਅਖ਼ਬਾਰ ਵਿੱਚ ਖ਼ਬਰ ਵੀ ਛਾਪੀ ਜਿਸ ਨਾਲ ਉਸ ਦਾ ਅਕਸ ਖ਼ਰਾਬ ਹੋਇਆ ਅਤੇ ਉਸ ਦੇ ਪਿਤਾ ਦੀ ਤਬੀਅਤ ਵਿਗੜ ਗਈ ਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ਸੁਨੀਲ ਨੇ ਮੁੜ ਦਫ਼ਤਰ ਵਿੱਚ ਆ ਕੇ ਉਸ ਨਾਲ ਮਾੜਾ ਸਲੂਕ ਕੀਤਾ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਪੀਏ ਨੇ ਕਿਹਾ ਕਿ ਜਦੋਂ ਸੁਨੀਲ ਗ੍ਰਿਫ਼ਤਾਰ ਹੋਇਆ ਤਾਂ ਉਸ ਦਾ ਹੌਸਲਾ ਵਧਿਆ ਅਤੇ ਉਸ ਨੇ ਗ੍ਰਹਿ ਮੰਤਰੀ ਦੇ ਜਨਤਾ ਦਰਬਾਰ ਵਿੱਚ ਆਪਣੀ ਸ਼ਿਕਾਇਤ ਦਿੱਤੀ ਜਿਸ ’ਤੇ ਪੁਲੀਸ ਨੇ ਕਾਰਵਾਈ ਕੀਤੀ ਹੈ।