ਜੀਂਦ/ਨਰਵਾਣਾ/ਉਚਾਨਾ (ਮਹਾਂਵੀਰ ਮਿੱਤਲ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਜੀਂਦ ਜ਼ਿਲ੍ਹੇ ਦੇ ਖਟਕੜ ਅਤੇ ਬੱਦੋਵਾਲ ਟੌਲ ਪਲਾਜ਼ਿਆਂ ਉੱਤੇ ਲਗਾਤਾਰ ਚੱਲ ਰਹੇ ਧਰਨਿਆਂ ਦੌਰਾਨ ਕਿਸਾਨਾਂ ਨੇ ਇਨ੍ਹਾਂ ਦੋਵੇਂ ਟੌਲਾਂ ਉੱਤੇ ਕਾਲਾ ਦਿਵਸ ਮਨਾਇਆ ਅਤੇ ਕੇਂਦਰ ਸਰਕਾਰ ਅਤੇ ਪ੍ਰਦੇਸ਼ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਅਪਣਾ ਰੋਸ ਪ੍ਰਗਟਾਇਆ। ਬੱਦੋਵਾਲ ਧਰਨੇ ਉੱਤੇ ਕਿਸਾਨ ਕਾਲੇ ਝੰੰਡੇ ਅਤੇ ਅਪਣੀਆਂ ਬਾਹਾਂ ਉੱਤੇ ਕਾਲੀ ਪੱਟੀ ਬੰਨ੍ਹ ਕੇ ਕਿਸਾਨ ਪਹੁੰਚੇ, ਉੱਧਰ ਖਟਕੜ ਟੌਲ ਪਲਾਜ਼ਾ ਉੱਤੇ ਕਿਸਾਨ ਪੁਰਸ਼ ਕਾਲੀ ਪੱਟੀ ਅਤੇ ਬੈਜ ਲਗਾ ਕੇ ਅਤੇ ਮਹਿਲਾਵਾਂ ਕਾਲੀ ਚੁੱਨੀ ਉੱਢ ਕੇ ਇਸ ਧਰਨੇ ਉੱਤੇ ਪੁੱਜੀਆਂ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਨੈਨ ਨੇ ਕਿਹਾ ਕਿ ਤਿੰਨੇ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨ 3/4 ਮਹੀਨਿਆਂ ਤੋਂ ਲਗਾਤਾਰ ਧਰਨਾ ਦਿੰਦੇ ਆ ਰਹੇ ਹਨ ਅਤੇ 200 ਤੋਂ ਵੱਧ ਕਿਸਾਨ ਇਸ ਅੰਦੋਲਨ ਵਿੱਚ ਮੌਤ ਦਾ ਗ੍ਰਾਸ ਬਣ ਚੁੱਕੇ ਹਨ, ਫੇਰ ਵੀ ਸਰਕਾਰ ਵੱਲੋਂ ਕੋਈ ਸਾਂਤਵਨਾ ਪ੍ਰਗਟ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਅੱਗੇ ਆਉਣ ਵਾਲੀ ਪੀੜ੍ਹੀਆਂ ਲਈ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹ ਲੜਾਈ 2024 ਤੱਕ ਵੀ ਕਰਨੀ ਪਈ ਤਾਂ ਕਿਸਾਨ ਇਸ ਲੜਾਈ ਨੂੰ ਸਾਲ 2024 ਤੱਕ ਵੀ ਲੜਣ ਲਈ ਤਿਆਰ ਹਨ। ਕਿਸਾਨ ਅਨੁਸਾਸ਼ਨ ਅਤੇ ਸਾਂਤਮਈ ਤਰੀਕੇ ਨਾਲ ਧਰਨਾ ਦੇ ਰਹੇ ਹਨ। ਕਿਸਾਨਾਂ ਦੇ ਵੱਡੇ ਮੈਂਬਰਾਂ ਦੇ ਇਲਾਵਾ ਇਨ੍ਹਾਂ ਦੇ ਬੱਚਿਆਂ ਵਿੱਚ ਵੀ ਭਾਰੀ ਜੋਸ਼ ਹੈ ਅਤੇ ਅਪਣੀ-ਅਪਣੀ ਡਿਊਟੀ ਦੇ ਕੇ ਧਰਨਿਆਂ ਨੂੰ ਸਫ਼ਲ ਕਰ ਰਹੇ ਹਨ। ਇਸੇ ਦੌਰਾਨ ਖਟਕੜ ਟੋਲ ਉੱਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਆਜ਼ਾਦ ਸਿੰਘ ਪਾਲਵਾਂ ਨੇ ਕਿਹਾ ਕਿ ਸਾਰੇ ਪਿੰਡ ਵਾਸੀ ਅਪਣੇ-ਅਪਣੇ ਘਰਾਂ ਉੱਤੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਲਗਾਉਣ। ਦੇਸ਼ ਭਰ ਵਿੱਚ ਸਯੁੰਕਤ ਕਿਸਾਨ ਮੋਰਚਾ ਦੇ ਮੈਂਬਰ ਮਹਾਂ-ਪੰਚਾਇਤ ਕਰ ਰਹੇ ਹਨ। ਇਨ੍ਹਾਂ ਮਹਾਂ ਪੰਚਾਇਤਾਂ ਵਿੱਚ ਇਕੱਠੀ ਹੋਈਭੀੜ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਜਿਸ ਅੰਦੋਲਨ ਨੂੰ ਸਰਕਾਰ ਹਲਕੇ ਵਿੱਚ ਲੈ ਰਹੀ ਸੀ, ਉਹ ਅੰਦੋਲਨ ਜਨ ਅੰਦੋਲਨ ਬਣ ਚੁੱਕਿਆ ਹੈ। ਕਿਸਾਨ ਖੇਤੀ ਦੇ ਨਵੇਂ ਤਿੰਨ ਕਾਨੂੰਨਾਂ ਨੂੰ ਨਹੀਂ ਚਾਹੁੰਦੇ, ਫਿਰ ਵੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਲਾਗੁ ਕਰਨ ਲਈ ਤੁਲੀ ਹੋਈ ਹੈ। ਦੇਸ਼ ਦੇ ਹਰ ਕਿਸਾਨ ਨੂੰ ਐੱਮਐੱਸਪੀ ਫ਼ਸਲ ਦਾ ਮਿਲੇ, ਇਹ ਸਯੁੰਕਤ ਕਿਸਾਨ ਮੋਰਚਾ ਚਾਹੁੰਦਾ ਹੈ। ਅੱਜ ਕਈ ਰਾਜਾਂ ਦੇ ਕਿਸਾਨਾਂ ਨੂੰ ਐਮ ਐਸ ਪੀ ਫਸਲ ਦਾ ਨਹੀਂ ਮਿਲ ਰਿਹਾ। ਇਸ ਲਈ ਐੱਮਐੱਸਪੀ ਉੱਤੇ ਕਾਨੂੰਨ ਬਨਾਉਣ ਦੀ ਮੰਗ ਕੀਤੀ ਜਾ ਰਹੀ ਹੈ।