ਪੱਤਰ ਪ੍ਰੇਰਕ
ਨਰਾਇਣਗੜ੍ਹ, 24 ਨਵੰਬਰ
ਨਰਾਇਣਗੜ੍ਹ ਦੇ ਪਿੰਡ ਬਖਤੂਆ ਵਿੱਚ ਚੌਧਰੀ ਸਰ ਛੋਟੂ ਰਾਮ ਦੀ ਜੈਅੰਤੀ ਮੌਕੇ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪੁੱਜੇ ਲੋਕਾਂ ਨੇ ਛੋਟੂ ਰਾਮ ਦੀ ਤਸਵੀਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਭਾਰਤੀ ਇਕਲਾਬ ਸੰਘ ਦੇ ਆਗੂ ਐਡਵੋਕੇਟ ਧਰਮਬੀਰ ਢੀਂਡਸਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਮਜ਼ਦੂਰ ਤੇ ਗਰੀਬਾਂ ਦੇ ਹੱਕ ਦੀ ਆਵਾਜ਼ ਬੁਲੰਦ ਕਰਕੇ ਇੱਕ ਮਸੀਹਾ ਦੇ ਰੂਪ ਵਿੱਚ ਛੋਟੂ ਰਾਮ ਸਾਹਮਣੇ ਆਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇੱਕ ਸਾਧਾਰਨ ਪਰਿਵਾਰ ਵਿੱਚ ਜਨਮ ਲੈਣ ਮਗਰੋਂ ਆਪਣੀ ਲਗਨ ਤੇ ਮਿਹਨਤ ਦੇ ਜ਼ੋਰ ’ਤੇ ਉੱਚ ਅਹੁਦੇ ਉਪਰ ਪਹੁੰਚੇ ਸਨ। ਉਨ੍ਹਾਂ ਦੱਸਿਆ ਕਿ ਵਕਾਲਤ ਜਿਹੇ ਕਾਰੋਬਾਰ ਵਿੱਚ ਚੌਧਰੀ ਸਾਹਬ ਨੇ ਇਤਿਹਾਸਕ ਕੰਮ ਕੀਤੇ ਅਤੇ ਆਪਣੇ ਵਕਾਲਤੀ ਜੀਵਨ ਨੂੰ ਆਦਰਸ਼ ਬਣਾਇਆ ਅਤੇ ਆਪਣੀ ਲੇਖਣੀ ਲਿਖੀ। ਜਦੋਂ ਚੌਧਰੀ ਸਾਹਿਬ ਮੰਤਰੀ ਬਣੇ ਤਾਂ ਗਰੀਬਾਂ ਤੇ ਕਿਸਾਨਾਂ ਦੇ ਮਸੀਹਾ ਬਣ ਗਏ। ਚੌਧਰੀ ਸਾਹਿਬ ਨੇ ਸਮਾਜ ਸੁਧਾਰਕ ਕਾਨੂੰਨਾਂ ਜਿਵੇਂ ਕਰਜ਼ਾ ਮੁਆਫ਼ੀ, ਗਿਰਵੀ ਜ਼ਮੀਨ ਮੁਫ਼ਤ ਵਾਪਸੀ ਐਕਟ ਰਾਹੀਂ ਕਿਸਾਨਾਂ ਨੂੰ ਸ਼ੋਸ਼ਣ ਤੋਂ ਛੁਟਕਾਰਾ ਦਿਵਾਇਆ। ਜੱਟ ਸੇਵਾ ਸੰਘ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਮਹਾਪੁਰਸ਼ਾਂ ਦੇ ਜੀਵਨ ਤੋਂ ਪ੍ਰੇਰਣਾ ਮਿਲਦੀ ਹੈ ਅਤੇ ਸਿੱਖਿਆ ਦੇ ਮਹੱਤਵ ਦਾ ਵੀ ਪਤਾ ਲੱਗਦਾ ਹੈ। ਚੌਧਰੀ ਛੋਟੂ ਰਾਮ ਨੇ ਕਿਸਾਨ-ਮਜ਼ਦੂਰ ਵਰਗ ਲਈ ਬਹੁਤ ਕੰਮ ਕੀਤਾ ਜਿਸ ਲਈ ਉਹ ਉਨ੍ਹਾਂ ਦੇ ਹਮੇਸ਼ਾ ਕਰਜ਼ਈ ਰਹਿਣਗੇ। ਇਸ ਮੌਕੇ ਹਰਪਾਲ ਸਿੰਘ, ਕਸ਼ਮੀਰੀ ਲਾਲ, ਰਾਜਿੰਦਰ ਸਿੰਘ, ਬੰਤ ਸਿੰਘ, ਬਲਦੇਵ ਸਿੰਘ, ਨਰਮੈਲ ਸਿੰਘ, ਜਸਮੇਰ ਚੰਦ, ਕਰਨੈਲ ਸਿੰਘ ਤੇ ਗੁਲਾਬ ਸਿੰਘ ਸਣੇ ਹੋਰ ਲੋਕ ਹਾਜ਼ਰ ਸਨ।