ਸਤਪਾਲ ਰਾਮਗੜ੍ਹੀਆ
ਪਿਹੋਵਾ, 23 ਅਕਤੂਬਰ
ਡੀਏਵੀ ਕਾਲਜ ਵਿੱਚ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਵਿਸ਼ੇ ਵਿੱਚ ਸਰਟੀਫਿਕੇਟ ਕੋਰਸ ਸ਼ੁਰੂ ਕੀਤਾ ਗਿਆ ਹੈ। ਵਿਭਾਗ ਦੀ ਮੁਖੀ ਡਾ: ਗੁਰਪ੍ਰੀਤ ਕੌਰ ਨੇ ਦੱਸਿਆ ਕਿ ਲੰਮੇ ਸਮੇਂ ਬਾਅਦ ਵਿਦਿਅਕ ਸੰਸਥਾਵਾਂ ਵਿੱਚ ਆਨਲਾਈਨ ਤੋਂ ਆਫਲਾਈਨ ਕਲਾਸਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਟੀਫਿਕੇਟ ਕੋਰਸ ਦੀ ਮਿਆਦ 30 ਘੰਟੇ ਰੱਖੀ ਗਈ ਹੈ। ਇਸ ਵਿੱਚ ਕਾਲਜ ਦੇ ਕਿਸੇ ਵੀ ਵਿਸ਼ੇ ਨਾਲ ਸਬੰਧਿਤ ਕੋਈ ਵੀ ਵਿਦਿਆਰਥੀ ਭਾਗ ਲੈ ਸਕਦਾ ਹੈ। ਪਰ ਉਹ ਪੰਜਾਬੀ ਭਾਸ਼ਾ ਪੜ੍ਹਨ ਅਤੇ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਸੱਭਿਆਚਾਰ ਅਤੇ ਰਿਸ਼ਤਿਆਂ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਪ੍ਰੋਫੈਸਰ ਦੀਪ ਕਿਰਨ ਨੇ ਵਿਦਿਆਰਥੀਆਂ ਨੂੰ ਰਿਸ਼ਤੇ ਦੀ ਮਰਿਆਦਾ ਦਾ ਪਾਠ ਪੜ੍ਹਾਇਆ। ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਗੁਰਿੰਦਰ ਮੱਕੜ, ਪ੍ਰੋ. ਅਜੇ ਮੋਹਨ, ਡਾ. ਸੁਰਿੰਦਰ ਸ਼ਰਮਾ, ਡਾ. ਪ੍ਰਵੀਨ ਕੁਮਾਰ, ਡਾ. ਸੁਨੀਤਾ ਚਹਿਲ, ਡਾ. ਸੁਮਨ ਸਿਰੋਹੀ, ਅਮਨ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਆਦਿ ਹਾਜ਼ਰ ਸਨ।