ਪੱਤਰ ਪ੍ਰੇਰਕ
ਯਮੁਨਾਨਗਰ, 25 ਜਨਵਰੀ
ਹਰਿਆਣਾ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ 8 ਵਜੇ ਤੱਕ ਕਰਨ ਲਈ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਅਹੁਦੇਦਾਰਾਂ ਵੱਲੋਂ ਵਪਾਰ ਮੰਡਲ ਦੇ ਸੂਬਾ ਪਰਧਾਨ ਬਜਰੰਗ ਗਰਗ ਅਤੇ ਜ਼ਿਲ੍ਹਾ ਪਰਧਾਨ ਅਨਿਲ ਭਾਟੀਆ ਦੀ ਅਗੁਵਾਈ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਇੱਕ ਯਾਦ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਸ੍ਰੀ ਭਾਟੀਆ ਨੇ ਦੱਸਿਆ ਕਿ ਅੱਜ ਪੂਰੇ ਪ੍ਰਦੇਸ਼ ਵਿੱਚ ਵਪਾਰ ਮੰਡਲ ਦੇ ਅਹੁਦੇਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਜਪਾਲ ਦੇ ਨਾਂ ’ਤੇ ਯਾਦ ਪੱਤਰ ਸੌਂਪੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਪ੍ਰਦੇਸ਼ ਦੇ ਵਪਾਰੀ ਬਹੁਤ ਹੀ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ। ਉਲਟਾ ਸਰਕਾਰ ਨੇ ਦੁਕਾਨਾਂ ਖੋਲ੍ਹਣ ਦਾ ਸਮਾਂ 6 ਵਜੇ ਤੱਕ ਅਤੇ ਠੇਕੇ ਖੋਲ੍ਹਣ ਦਾ ਸਮਾਂ 10 ਵਜੇ ਤੱਕ ਕਰ ਦਿੱਤਾ ਹੈ। ਐਨਾ ਹੀ ਨਹੀਂ ਕੇਂਦਰ ਅਤੇ ਪ੍ਰਦੇਸ਼ ਸਰਕਾਰ ਦੇ ਨੇਤਾ ਭੀੜ ਇਕੱਠੀ ਕਰ ਕੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਦੇਸ਼ ਦਾ ਵਪਾਰੀ ਸਰਕਾਰ ਦੇ ਨੇਤਾਵਾਂ ਨੂੰ ਪੁੱਛਦਾ ਹੈ ਕਿ ਕਰੋਨਾ ਕੇਵਲ ਵਪਾਰੀਆਂ ਦੀਆਂ ਦੁਕਾਨਾਂ ਖੋਲ੍ਹਣ ਨਾਲ ਹੀ ਫੈਲਦਾ ਹੈ , ਸ਼ਰਾਬ ਦੀਆਂਦੁਕਾਨਾਂ ਅਤੇ ਰੈਲੀਆਂ ਨਾਲ ਨਹੀ ਫੈਲਦਾ। ਉਨ੍ਹਾਂ ਨੇ ਕਿਹਾ ਕਿ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਦਾ ਸਮਾਂ ਵੱਖ-ਵੱਖ ਰੱਖਣਾ ਵਪਾਰੀਆਂ ਨਾਲ ਸਰਾਸਰ ਗਲਤ ਅਤੇ ਵਿਤਕਰੇ ਵਾਲਾ ਹੈ। ਸਰਕਾਰ ਦੀਆਂ ਵਪਾਰੀ ਵਿਰੋਧੀ ਨੀਤੀਆਂ ਕਰਕੇ ਵਪਾਰੀਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਸੰਦੀਪ ਬਜਾਜ, ਗੁਰਸ਼ਰਦ ਸਿੰਘ, ਰਾਜ ਕੁਮਾਰ, ਗਗਨ ਖਰੋਦਾ, ਸੁਨੀਲ ਕੁਮਾਰ, ਸੰਜੀਵ ਓਬਰਾਇ, ਅੰਕਿਤ ਸਿੰਘ ਅਤੇ ਹੋਰ ਵਪਾਰੀ ਮੌਜੂਦ ਸਨ ।