ਪ੍ਰਭੂ ਦਿਆਲ
ਸਿਰਸਾ, 1 ਸਤੰਬਰ
ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਵਿੱਚ ਕਾਂਗਰਸ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ। ਇਸ ਵੇਲੇ ਭਾਜਪਾ ਚੋਣਾਂ ਨੂੰ ਲੈ ਕੇ ਘਬਰਾਈ ਹੋਈ ਹੈ। ਚੋਣਾਂ ਦੀ ਤਰੀਕ ਬਦਲਣ ਨਾਲ ਭਾਜਪਾ ਨਤੀਜੇ ਨਹੀਂ ਬਦਲ ਸਕੇਗੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਉਹ ਵਿਧਾਨ ਸਭਾ ਚੋਣ ਲੜਨਾ ਚਾਹੁੰਦੀ ਹੈ ਪਰ ਇਸ ਬਾਰੇ ਫੈਸਲਾ ਹਾਈਕਮਾਨ ਵੱਲੋਂ ਕੀਤਾ ਜਾਵੇਗਾ। ਜੇ ਹਾਈਕਮਾਨ ਇਜਾਜ਼ਤ ਦੇਵੇਗਾ ਤਾਂ ਉਹ ਜ਼ਰੂਰ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਹਾਰ ਨੂੰ ਦੇਖ ਕੇ ਬੁਖਲਾ ਗਈ ਹੈ, ਇਸ ਲਈ ਉਹ ਚੋਣਾਂ ਦੀ ਤਰੀਕ ਬਦਲਵਾਉਣਾ ਚਾਹੁੰਦੀ ਸੀ ਪਰ ਇਸ ਦਾ ਨਤੀਜਿਆਂ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਲੋਕ ਪਹਿਲਾਂ ਹੀ ਤੈਅ ਕਰ ਚੁੱਕੇ ਹਨ ਕਿ ਐਤਕੀਂ ਭਾਜਪਾ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਉਣਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਕਾਂਗਰਸ ਬਾਰੇ ਗਲਤ ਬਿਆਨ ਦਿੱਤੇ ਜਾ ਰਹੇ ਹਨ ਜਦਕਿ ਜੋ ਵੀ ਕੰਮ ਐੱਸਸੀ ਅਤੇ ਬੀਸੀ ਵਰਗ ਲਈ ਕੀਤੇ ਗਏ ਹਨ, ਉਹ ਕਾਂਗਰਸ ਨੇ ਹੀ ਕੀਤੇ ਹਨ ਅਤੇ ਭਵਿੱਖ ’ਚ ਵੀ ਕਾਂਗਰਸ ਕਰੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਾਤੀ ਜਨਗਣਨਾ ਕਰਵਾਈ ਜਾਵੇ, ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਾਂਗਰਸ ਦੀ ਸਰਕਾਰ ਆਉਣ ’ਤੇ ਜਾਤੀ ਜਨਗਣਨਾ ਕਰਵਾਈ ਜਾਵੇਗੀ। ਕਿਸਾਨਾਂ ਨੂੰ ਲੈ ਕੇ ਕੰਗਨਾ ਰਣੌਤ ਦੇ ਬਿਆਨ ’ਤੇ ਉਨ੍ਹਾਂ ਕਿਹਾ ਕਿ ਕੰਗਨਾ ਖੁਦ ਬਿਆਨ ਨਹੀਂ ਦਿੰਦੀ, ਉਹ ਸਿਰਫ ਉਹੀ ਕਹਿੰਦੀ ਹੈ ਜੋ ਉਸ ਨੂੰ ਕਹਿਣ ਲਈ ਕਿਹਾ ਜਾਂਦਾ ਹੈ। ਟਿਕਟਾਂ ਦੇ ਐਲਾਨ ਵਿੱਚ ਹੋਈ ਦੇਰੀ ਬਾਰੇ ਉਨ੍ਹਾਂ ਕਿਹਾ ਕਿ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ, ਜਲਦੀ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।