ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਅੱਜ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤਾ। ਵਿਸ਼ੇਸ਼ ਜੱਜ ਨੇ ਹੁਕਮ ਪਾਸ ਕਰਦਿਆਂ ਸੁਣਵਾਈ ਲਈ ਅਗਲੀ ਤਰੀਕ 26 ਮਈ ਨੂੰ ਤੈਅ ਕੀਤੀ ਹੈ। ਅਦਾਲਤ ਸਜ਼ਾ ਬਾਰੇ ਫ਼ੈਸਲਾ ਉਸੇ ਦਿਨ ਸੁਣਾਏਗੀ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਇਹ ਕੇਸ 2005 ਵਿਚ ਦਰਜ ਕੀਤਾ ਸੀ ਤੇ ਚਾਰਜਸ਼ੀਟ 2010 ਵਿਚ ਫਾਈਲ ਕੀਤੀ ਗਈ ਸੀ। ਚੌਟਾਲਾ ’ਤੇ 1993-2006 ਵਿਚਾਲੇ ਛੇ ਕਰੋੜ ਤੋਂ ਵੱਧ ਦੀ ਜਾਇਦਾਦ ਬਣਾਉਣ ਦਾ ਦੋਸ਼ ਲਾਇਆ ਗਿਆ ਸੀ ਜੋ ਕਿ ਉਨ੍ਹਾਂ ਦੀ ਜਾਇਜ਼ ਆਮਦਨ ਤੋਂ ਵੱਧ ਸੀ। ਓਮ ਪ੍ਰਕਾਸ਼ ਚੌਟਾਲਾ 1989-2005 ਤੱਕ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੇ ਪੋਤਰੇ ਦੁਸ਼ਯੰਤ ਚੌਟਾਲਾ ਮੌਜੂਦਾ ਸਮੇਂ ਹਰਿਆਣਾ ਦੇ ਉਪ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ ਜਨਵਰੀ 2003 ਵਿਚ ਓਪੀ ਚੌਟਾਲਾ ਤੇ ਉਨ੍ਹਾਂ ਦੇ ਪੁੱਤਰ ਅਜੈ ਸਿੰਘ ਚੌਟਾਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਸੀ। ਚੌਟਾਲਾ ’ਤੇ ਤਿੰਨ ਹਜ਼ਾਰ ਤੋਂ ਵੱਧ ਅਯੋਗ ਅਧਿਆਪਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਭਰਤੀ ਕਰਨ ਦਾ ਦੋਸ਼ ਲਾਇਆ ਗਿਆ ਸੀ। -ਪੀਟੀਆਈ